ਸੰਜੇ ਰਾਊਤ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
Friday, Oct 25, 2024 - 05:41 PM (IST)
ਮੁੰਬਈ (ਭਾਸ਼ਾ)- ਸ਼ਿਵ ਸੈਨਾ (ਯੂ.ਬੀ.ਟੀ.) ਆਗੂ ਸੰਜੇ ਰਾਊਤ ਨੂੰ ਸ਼ੁੱਕਰਵਾਰ ਨੂੰ ਇਥੇ ਸੈਸ਼ਨ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਕਿਰੀਟ ਸੋਮਈਆ ਦੀ ਪਤਨੀ ਮੇਧਾ ਸੋਮਈਆ ਦੁਆਰਾ ਦਾਇਰ ਮਾਣਹਾਨੀ ਦੇ ਇਕ ਮਾਮਲੇ 'ਚ ਆਪਣੀ ਦੋਸ਼ਸਿੱਧੀ ਨੂੰ ਚੁਣੌਤੀ ਦਿੱਤੀ ਸੀ। ਰਾਊਤ ਨੇ ਆਪਣੀ ਦੋਸ਼ਸਿੱਧੀ ਅਤੇ ਮੈਜਿਸਟ੍ਰੇਟ ਅਦਾਲਤ ਵੱਲੋਂ ਸੁਣਾਈ ਗਈ 15 ਦਿਨ ਦੀ ਕੈਦ ਦੀ ਸਜ਼ਾ ਵਿਰੁੱਧ ਸੈਸ਼ਨ ਅਦਾਲਤ 'ਚ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ ਹੈ। ਰਾਜ ਸਭਾ ਮੈਂਬਰ ਸ਼ੁੱਕਰਵਾਰ ਨੂੰ ਅਦਾਲਤ 'ਚ ਪੇਸ਼ ਹੋਏ ਅਤੇ ਜ਼ਮਾਨਤ ਦਿੱਤੇ ਜਾਣ ਦੀ ਅਪੀਲ ਕੀਤੀ। ਅਦਾਲਤ ਨੇ ਉਨ੍ਹਾਂ 50,000 ਰੁਪਏ ਦੇ ਜ਼ਮਾਨਤੀ ਬਾਂਡ 'ਤੇ ਜ਼ਮਾਨਤ ਦੇ ਦਿੱਤੀ। ਜੁਡੀਸ਼ੀਅਲ ਮੈਜਿਸਟਰੇਟ (ਪਹਿਲੀ ਸ਼੍ਰੇਣੀ) ਆਰਤੀ ਕੁਲਕਰਨੀ ਨੇ 26 ਸਤੰਬਰ ਨੂੰ ਰਾਊਤ ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 500 (ਮਾਣਹਾਨੀ) ਦੇ ਅਧੀਨ ਅਪਰਾਧ ਲਈ ਦੋਸ਼ੀ ਠਹਿਰਾਇਆ ਸੀ।
ਰਾਜ ਸਭਾ ਮੈਂਬਰ ਨੂੰ 15 ਦਿਨ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ ਅਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਸੀ। ਬਾਅਦ 'ਚ ਹਾਲਾਂਕਿ ਅਦਾਲਤ ਨੇ ਸਜ਼ਾ ਨੂੰ 30 ਦਿਨ ਲਈ ਮੁਲਤਵੀ ਕਰ ਦਿੱਤਾ ਸੀ ਤਾਂ ਕਿ ਉਹ ਹਾਈ ਕੋਰਟ 'ਚ ਆਦੇਸ਼ ਨੂੰ ਚੁਣੌਤੀ ਦੇ ਸਕਣ। ਮੇਧਾ ਸੋਮਈਆ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਗਾਇਆ ਸੀ ਕਿ ਰਾਊਤ ਨੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਤੀ ਖ਼ਿਲਾਫ਼ ਬੇਬੁਨਿਆਦ ਅਤੇ ਪੂਰੀ ਤਰ੍ਹਾਂ ਨਾਲ ਮਾਣਹਾਨੀਕਾਰਕ ਦੋਸ਼ ਲਗਾਏ। ਉਨ੍ਹਾਂ ਕਿਹਾ ਸੀ ਕਿ ਰਾਊਤ ਨੇ ਉਨ੍ਹਾਂ 'ਤੇ ਮੀਰਾ ਭਾਯੰਦਰ ਨਗਰ ਨਿਗਮ ਦੇ ਅਧਿਕਾਰ ਖੇਤਰ 'ਚ ਕੁਝ ਜਨਤਕ ਟਾਇਲਟਾਂ ਦੇ ਨਿਰਮਾਣ ਦੇ ਸੰਬੰਧ 'ਚ 100 ਕਰੋੜ ਰੁਪਏ ਦੇ ਘਪਲੇ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ। ਸੋਮਈਆ ਦੇ ਵਕੀਲ ਲਕਸ਼ਮਣ ਕਨਾਲ ਨੇ ਕਿਹਾ,''ਰਾਊਤ ਵਿਅਕਤੀਗਤ ਤੌਰ 'ਤੇ ਪੇਸ਼ ਹੋਏ, ਇਸ ਲਈ ਅਸੀਂ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਨਹੀਂ ਕੀਤਾ, ਜਿਸ ਤੋਂ ਬਾਅਦ ਅਦਾਲਤ ਨੇ ਇਸ ਨੂੰ ਮਨਜ਼ੂਰ ਕਰ ਲਿਆ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8