ਭਾਜਪਾ ਦੇ ਨਵੇਂ ਪ੍ਰਧਾਨ ਲਈ ਸੰਘ ਦੱਖਣ ਵੱਲ ਵੇਖ ਰਿਹਾ

Tuesday, Nov 12, 2024 - 10:43 PM (IST)

ਭਾਜਪਾ ਦੇ ਨਵੇਂ ਪ੍ਰਧਾਨ ਲਈ ਸੰਘ ਦੱਖਣ ਵੱਲ ਵੇਖ ਰਿਹਾ

ਨਵੀਂ ਦਿੱਲੀ- ਭਾਜਪਾ ਦੇ ਨਵੇਂ ਪ੍ਰਧਾਨ ਦੀ ਚੋਣ ਜਨਵਰੀ, 2025 ਦੇ ਸ਼ੁਰੂ ’ਚ ਹੋ ਸਕਦੀ ਹੈ ਕਿਉਂਕਿ ਰਾਸ਼ਟਰੀ ਸਵੈਮ ਸੇਵਕ ਸੰਘ ਤੇ ਭਾਜਪਾ ਲੀਡਰਸ਼ਿਪ ਵਿਚਾਲੇ ਇਕ ਵਿਆਪਕ ਸਹਿਮਤੀ ਬਣ ਗਈ ਹੈ।

ਆਰ. ਐੱਸ. ਐੱਸ. ਦੇ ਨੇਤਾਵਾਂ ਤੇ ਪ੍ਰਧਾਨ ਮੰਤਰੀ ਦਰਮਿਆਨ ਗੈਰ ਰਸਮੀ ਮੁਲਾਕਾਤ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਜੋ ਭਾਜਪਾ ਦੇ ਸਾਬਕਾ ਪ੍ਰਧਾਨ ਵੀ ਹਨ, ਦੇ ਨਿਵਾਸ ਵਿਖੇ ਕਈ ਮੀਟਿੰਗਾਂ ਹੋਈਆਂ। ਮੀਟਿੰਗਾਂ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਹੀ ਬੀ. ਐੱਲ. ਸੰਤੋਸ਼, ਸਰ ਸੰਘਚਾਲਕ ਦੱਤਾਤ੍ਰੇਯ ਹੋਸਬੋਲੇ ਤੇ ਅਰੁਣ ਕੁਮਾਰ ਸਮੇਤ ਭਾਜਪਾ ਤੇ ਸੰਘ ਦੇ ਕਈ ਚੋਟੀ ਦੇ ਅਾਗੂ ਵੀ ਸ਼ਾਮਲ ਹੋਏ।

ਭਾਜਪਾ ਹਾਈ ਕਮਾਂਡ ਵੱਲੋਂ ਡਾ. ਲਕਸ਼ਮਣ ਦੀ ਅਗਵਾਈ ਹੇਠ ਬਣਾਈ ਗਈ 4 ਮੈਂਬਰੀ ਕਮੇਟੀ ਜਨਵਰੀ, 2025 ਦੇ ਸ਼ੁਰੂ ਤੱਕ ਨਵੇਂ ਪਾਰਟੀ ਪ੍ਰਧਾਨ ਦੀ ਚੋਣ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।

ਉਮੀਦ ਹੈ ਕਿ 15 ਦਸੰਬਰ ਤੱਕ ਸੂਬਿਆਂ ’ਚ ਜਥੇਬੰਦਕ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਮੁਕੰਮਲ ਹੋ ਜਾਵੇਗੀ। ਉਦੋਂ ਤਕ ਸਾਰੀਆਂ ਸੂਬਾਈ ਕਮੇਟੀਆਂ ਦੇ ਪ੍ਰਧਾਨਾਂ ਦੀ ਚੋਣ ਕਰ ਲਈ ਜਾਵੇਗੀ।

ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਤੁਰੰਤ ਬਾਅਦ ਮੌਜੂਦਾ ਪ੍ਰਧਾਨ ਜੇ. ਪੀ. ਨੱਡਾ ਦੀ ਥਾਂ ਇਸ ਵੱਕਾਰੀ ਅਹੁਦੇ ਲਈ ਨਾਮਜ਼ਦਗੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਤੇ ਆਰ. ਐੱਸ. ਐੱਸ. ਦਰਮਿਆਨ ਮਤਭੇਦਾਂ ਦੀਆਂ ਰਿਪੋਰਟਾਂ ’ਤੇ ਰੋਕ ਲੱਗ ਗਈ ਹੈ ਕਿਉਂਕਿ ਪਾਰਟੀ ਮੁਖੀ ਦੀ ਚੋਣ ਭਾਜਪਾ ਲੀਡਰਸ਼ਿਪ ਵੱਲੋਂ ਪ੍ਰਦਾਨ ਕੀਤੀ ਗਈ ਸੂਚੀ ਤੋਂ ਕੀਤੀ ਜਾਂਦੀ ਹੈ।

ਰਵਾਇਤੀ ਪੱਖੋਂ ਭਾਜਪਾ ਮੁਖੀ ਦੀ ਚੋਣ ਸੰਘ ਤੋਂ ਹੀ ਹੋਣੀ ਚਾਹੀਦੀ ਹੈ। ਇਸ ਅਹੁਦੇ ਲਈ 8-9 ਨਾਵਾਂ ’ਤੇ ਚਰਚਾ ਹੋ ਰਹੀ ਹੈ। ਇਨ੍ਹਾਂ ’ਚ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਧਰਮਿੰਦਰ ਪ੍ਰਧਾਨ, ਭੂਪੇਂਦਰ ਯਾਦਵ, ਮਨੋਹਰ ਲਾਲ ਖੱਟੜ, ਸੀ. ਆਰ. ਪਾਟਿਲ, ਪਾਰਟੀ ਦੇ ਜਨਰਲ ਸਕੱਤਰ ਸੁਨੀਲ ਬਾਂਸਲ ਅਤੇ ਵਿਨੋਦ ਤਾਵੜੇ ਸ਼ਾਮਲ ਹਨ।

‘ਮਹਾਯੁਤੀ’ ਦੇ ਮਹਾਰਾਸ਼ਟਰ ਦੀਆਂ ਚੋਣਾਂ ਜਿੱਤਣ ਅਤੇ ਸੀ. ਐੱਮ. ਦੇ ਅਹੁਦੇ ਤੋਂ ਖੁੰਝ ਜਾਣ ’ਤੇ ਦੇਵੇਂਦਰ ਫੜਨਵੀਸ ਦਾ ਨਾਂ ਵੀ ਚਰਚਾ ’ਚ ਹੋਵੇਗਾ। ਦੱਖਣ ਨਾਲ ਸਬੰਧਤ ਕ੍ਰਿਸ਼ਨਮੂਰਤੀ ਅਤੇ ਬੰਗਾਰੂ ਲਕਸ਼ਮਣ ਦੇ ਪਿਛਲੇ ਤਜਰਬੇ ਕਈ ਕਾਰਨਾਂ ਕਰ ਕੇ ਸਫਲ ਨਹੀਂ ਹੋਏ ਪਰ ਹੁਣ ਤੀਜਾ ਯਤਨ ਕੀਤਾ ਜਾ ਸਕਦਾ ਹੈ।


author

Rakesh

Content Editor

Related News