ਸਨਾਤਨ ਧਰਮ ’ਤੇ ਉਦੈਨਿਦੀ ਦੇ ਬਿਆਨ ਦੇ ਵਿਰੋਧ ’ਚ ਹਿੰਦੂ ਸਾਧੂ-ਸੰਤਾਂ ਦਾ ਪ੍ਰਦਰਸ਼ਨ
Tuesday, Sep 26, 2023 - 03:50 PM (IST)
ਨਵੀਂ ਦਿੱਲੀ, (ਭਾਸ਼ਾ)– ਸਨਾਤਨ ਧਰਮ ’ਤੇ ਪੂਰੇ ਦੇਸ਼ ’ਚ ਜਾਰੀ ਵਿਵਾਦ ਵਿਚਾਲੇ ਸੋਮਵਾਰ ਨੂੰ ਸੈਂਕੜੇ ਸਾਧੂ-ਸੰਤਾਂ ਨੇ ਇਥੇ ਤਾਮਿਲਨਾਡੂ ਭਵਨ ਦੇ ਨੇੜੇ ਦ੍ਰਵਿੜ ਮੁਨੇਤਰ ਕੜਗਮ (ਡੀ. ਐੱਮ. ਕੇ.) ਦੇ ਨੇਤਾ ਉਦੈਨਿਧੀ ਸਟਾਲਿਨ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਦਾ ਪੁਤਲਾ ਸਾੜਿਆ। ਪ੍ਰਦਰਸ਼ਨਕਾਰੀਆਂ ਨੇ ਸਨਾਤਨ ਧਰਮ ਨੂੰ ਲੈ ਕੇ ਇਸ ਤਰ੍ਹਾਂ ਦੇ ਬਿਆਨ ਦੇਣ ਵਾਲੇ ਤੇ ਡੀ. ਐੱਮ. ਕੇ. ਨੇਤਾ ਨੂੰ ਸਮਰਥਨ ਦੇਣ ਵਾਲੇ ਹੋਰ ਨੇਤਾਵਾਂ ਵਿਰੁੱਧ ਵੀ ਨਾਅਰੇਬਾਜ਼ੀ ਕੀਤੀ।
‘ਦਿੱਲੀ ਸੰਤ ਮਹਾਮੰਡਲ’ ਦੇ ਬੈਨਰ ਹੇਠ ਪ੍ਰਦਰਸ਼ਨਕਾਰੀ ਉਦੈਨਿਧੀ ਸਟਾਲਿਨ ਵਿਰੁੱਧ ਨਾਅਰੇ ਲਿਖੀਆਂ ਤਖਤੀਆਂ ਨਾਲ ਸਰੋਜਨੀ ਨਗਰ ’ਚ ਇਕ ਮੰਦਿਰ ਤੋਂ ਤਾਮਿਲਨਾਡੂ ਭਵਨ ਵੱਲ ਰਵਾਨਾ ਹੋਏ। ਪੁਲਸ ਨੇ ਉਨ੍ਹਾਂ ਨੂੰ ਅਫਰੀਕਾ ਐਵੇਨਿਊ ’ਤੇ ਰੋਕਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਉਦੈਨਿਧੀ ਤੇ ਹੋਰਨਾਂ ਦੇ ਪੁਤਲੇ ਸਾੜੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਆਪਣੇ ਨੇਤਾਵਾਂ ਨੂੰ ‘ਸਨਾਤਨ ਧਰਮ’ ਵਿਰੁੱਧ ਬਿਆਨਬਾਜ਼ੀ ਕਰਨ ਤੋਂ ਰੋਕਣਾ ਚਾਹੀਦਾ। ਪ੍ਰਦਰਸ਼ਨਕਾਰੀਆਂ ਨੇ ਨਾਲ ਹੀ ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਨੂੰ ਆਪਣੇ ਬੇਟੇ ਦੇ ਬਿਆਨ ਲਈ ਮੁਆਫੀ ਮੰਗਣ ਦੀ ਵੀ ਮੰਗ ਕੀਤੀ।
ਦਿੱਲੀ ਸੰਤ ਮਹਾਮੰਡਲ ਦੇ ਪ੍ਰਧਾਨ ਨਾਰਾਇਣ ਗਿਰੀ ਮਹਾਰਾਜ ਨੇ ਕਿਹਾ ਕਿ ਇਸ ਮਾਮਲੇ ’ਚ ਸੂਬਾ ਸਰਕਾਰ ਦੀ ਚੁੱਪੀ ਤੋਂ ਉਹ ਹੈਰਾਨ ਹਨ। ਉਨ੍ਹਾਂ ਕਿਹਾ,‘ਇਥੋਂ ਤੱਕ ਕਿ ਸੁਪਰੀਮ ਕੋਰਟ ਨੇ ਵੀ ਸਨਾਤਨ ਧਰਮ ਵਿਰੁੱਧ ਨੇਤਾਵਾਂ ਦੇ ਨਫਰਤੀ ਭਾਸ਼ਣ ਦਾ ਨੋਟਿਸ ਲਿਆ। ਸਨਾਤਨ ਧਰਮ ਵਿਰੁੱਧ ਨੇਤਾਵਾਂ ਦੀ ਜੋ ਭਾਸ਼ਾ ਹੈ, ਉਹ ਭਾਈਚਾਰਿਆਂ ਵਿਚਾਲੇ ਨਫਰਤ ਪੈਦਾ ਕਰਦੀ ਹੈ ਅਤੇ ਇਸ ਤਰ੍ਹਾਂ ਦੇ ਨੇਤਾਵਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।