ਸਲਮਾਨ ਖ਼ਾਨ ਦੇ ਕਤਲ ਦੀ ਸਾਜ਼ਿਸ਼ ਬੇਨਕਾਬ, ਫਰੀਦਾਬਾਦ ਪੁਲਸ ਨੇ ਬਦਮਾਸ਼ ਨੂੰ ਕੀਤਾ ਗ੍ਰਿਫ਼ਤਾਰ
Wednesday, Aug 19, 2020 - 06:10 PM (IST)
ਫਰੀਦਾਬਾਦ : ਜੋਧਪੁਰ ਦੇ ਕਾਲਾ ਹਿਰਣ ਸ਼ਿਕਾਰ ਮਾਮਲੇ 'ਚ ਸਲਮਾਨ ਖਾਨ ਦੇ ਬਰੀ ਹੋ ਜਾਣ 'ਤੇ ਇੱਕ ਗੈਂਗ ਨੂੰ ਇੰਨੀ ਠੇਸ ਪਹੁੰਚੀ ਕਿ ਉਸਨੇ ਸਲਮਾਨ ਖਾਨ ਨੂੰ ਮਾਰਨ ਦਾ ਫੈਸਲਾ ਕਰ ਲਿਆ। ਸਲਮਾਨ ਖਾਨ ਦੀ ਰੇਕੀ ਅਤੇ ਹੱਤਿਆ ਕਰਨ ਲਈ ਇੱਕ ਸ਼ੂਟਰ ਨੂੰ ਮੁੰਬਈ ਭੇਜਿਆ ਗਿਆ ਪਰ ਇਸ ਤੋਂ ਪਹਿਲਾਂ ਕਿ ਗੈਂਗ ਆਪਣੇ ਮਨਸੂਬੇ 'ਚ ਕਾਮਯਾਬ ਹੁੰਦਾ, ਫਰੀਦਾਬਾਦ ਪੁਲਸ ਨੇ ਸ਼ੂਟਰ ਰਾਹੁਲ ਨੂੰ ਉਤਰਾਖੰਡ ਤੋਂ ਗ੍ਰਿਫਤਾਰ ਕਰ ਲਿਆ।
ਫਰੀਦਾਬਾਦ ਪੁਲਸ ਦੀ ਕ੍ਰਾਇਮ ਬ੍ਰਾਂਚ ਨੇ ਦੱਸਿਆ ਕਿ ਸ਼ੂਟਰ ਰਾਹੁਲ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਸੰਪਤ ਨਹਿਰਾ ਲਈ ਕੰਮ ਕਰਦਾ ਹੈ। ਜੋਧਪੁਰ ਦੀ ਕੋਰਟ ਨੇ ਕਾਲਾ ਹਿਰਣ ਦੀ ਹੱਤਿਆ ਮਾਮਲੇ 'ਚ ਬਰੀ ਕਰ ਦਿੱਤਾ ਸੀ। ਇਸ ਤੋਂ ਲਾਰੈਂਸ ਬਿਸ਼ਨੋਈ ਬਹੁਤ ਦੁਖੀ ਸੀ। ਉਹ ਸਲਮਾਨ ਖਾਨ ਨੂੰ ਉਸ ਦੇ ਕੀਤੇ ਦੀ ਸਜ਼ਾ ਦੇਣਾ ਚਾਹੁੰਦਾ ਸੀ। ਇਸ ਦੇ ਲਈ ਗੈਂਗ ਦੇ ਬਦਮਾਸ਼ ਰਾਹੁਲ ਉਰਫ ਬਾਬਾ ਨੂੰ ਸਲਮਾਨ ਖਾਨ ਦੀ ਹੱਤਿਆ ਦੀ ਜ਼ਿੰਮੇਦਾਰੀ ਦਿੱਤੀ ਗਈ।
ਰਾਹੁਲ ਇਸ ਸਾਲ ਜਨਵਰੀ 'ਚ ਮੁੰਬਈ ਪਹੁੰਚਿਆ ਅਤੇ ਬਾਂਦਰਾ ਇਲਾਕੇ 'ਚ ਦੋ ਦਿਨ ਘੁੰਮ ਕੇ ਸਲਮਾਨ ਖਾਨ ਦੀ ਰੇਕੀ ਕੀਤੀ ਪਰ ਮਕਸਦ 'ਚ ਕਾਮਯਾਬ ਨਹੀਂ ਹੋਣ 'ਤੇ ਉਹ ਵਾਪਸ ਪਰਤ ਆਇਆ। ਉਸ ਤੋਂ ਬਾਅਦ ਉਹ ਉਤਰਾਖੰਡ 'ਚ ਛੁੱਪ ਗਿਆ ਸੀ। ਪੁਲਸ ਮੁਤਾਬਕ ਰਾਹੁਲ 'ਤੇ ਦਿੱਲੀ ਅਤੇ ਫਰੀਦਾਬਾਦ 'ਚ ਕਈ ਮੁਕੱਦਮੇ ਦਰਜ ਹਨ।
ਪੁਲਸ ਮੁਤਾਬਕ ਦੋਸ਼ੀ ਰਾਹੁਲ ਨੇ 2016 ਤੋਂ 2018 ਤੱਕ ਫਰੀਦਾਬਾਦ ESIC ਹਸਪਤਾਲ 'ਚ ਅਸਥਾਈ ਤੌਰ 'ਤੇ ਨੌਕਰੀ ਕੀਤੀ ਸੀ। ਸਾਲ 2018 'ਚ ਕ੍ਰਾਇਮ ਬ੍ਰਾਂਚ ਬਡਖਲ ਨੇ ਰਾਹੁਲ ਤੋਂ ਗ਼ੈਰ-ਕਾਨੂੰਨੀ ਹਥਿਆਰ ਬਰਾਮਦ ਕਰਕੇ ਜੇਲ੍ਹ ਭੇਜਿਆ ਸੀ। ਜੇਲ੍ਹ ਤੋਂ ਜ਼ਮਾਨਤ 'ਤੇ ਆਉਣ ਤੋਂ ਬਾਅਦ ਰਾਹੁਲ ਲਾਰੈਂਸ ਬਿਸ਼ਨੋਈ ਦੀ ਗੈਂਗ 'ਚ ਸ਼ਾਮਲ ਹੋ ਗਿਆ ਸੀ।