ਸਿੱਧੂ ਮੂਸੇਵਾਲਾ ਕਤਲ ਕਾਂਡ ''ਚ ਲਾਰੈਂਸ ਬਿਸ਼ਨੋਈ ਦਾ ਨਾਂ ਆਉਣ ''ਤੇ ਸਲਮਾਨ ਖਾਨ ਦੀ ਵਧਾਈ ਸੁਰੱਖਿਆ

06/01/2022 1:45:52 AM

ਮੁੰਬਈ : ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ 'ਤੇ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। ਲਾਰੈਂਸ ਬਿਸ਼ਨੋਈ ਨੂੰ ਦਿੱਲੀ ਪੁਲਸ ਵੱਲੋਂ ਰਿਮਾਂਡ 'ਤੇ ਲਏ ਜਾਣ ਦਾ ਅੰਦਾਜ਼ਾ ਪਹਿਲਾਂ ਹੀ ਹੋ ਗਿਆ ਸੀ, ਇਸ ਲਈ ਉਸ ਨੇ ਸੁਰੱਖਿਆ ਦੀ ਚਾਲ ਚੱਲੀ ਸੀ। ਉਸ ਦੇ ਵਕੀਲ ਨੇ ਪਟਿਆਲਾ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਬਿਸ਼ਨੋਈ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਰਚੀ ਗਈ ਸੀ, ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਵਰਚੁਅਲ ਕੰਟੈਕਟ ਨੰਬਰ ਤੋਂ ਕੈਨੇਡਾ 'ਚ ਬੈਠੇ ਗੋਲਡੀ ਬਰਾੜ ਨਾਲ ਕਈ ਵਾਰ ਗੱਲ ਕੀਤੀ ਸੀ। ਲਾਰੈਂਸ ਤਿਹਾੜ ਜੇਲ੍ਹ ਨੰਬਰ-8 ਵਿੱਚ ਸਖ਼ਤ ਸੁਰੱਖਿਆ ਵਿਚਾਲੇ ਬੰਦ ਹੈ, ਜਦੋਂਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਬੋਲੇ ਮਨਕੀਰਤ ਔਲਖ, ਕਹੀ ਇਹ ਗੱਲ (ਵੀਡੀਓ)

ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਅਭਿਨੇਤਾ ਸਲਮਾਨ ਖਾਨ ਦੀ ਸੁਰੱਖਿਆ ਨੂੰ ਵਧਾ ਦਿੱਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਰਾਜਸਥਾਨ ਤੋਂ ਗਿਰੋਹ ਦੁਆਰਾ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੋਂ ਸੁਰੱਖਿਅਤ ਰਹੇ। ਮੀਡੀਆ ਰਿਪੋਰਟਾਂ ਅਨੁਸਾਰ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ, "ਅਸੀਂ ਸਲਮਾਨ ਖਾਨ ਦੀ ਸਮੁੱਚੀ ਸੁਰੱਖਿਆ ਵਧਾ ਦਿੱਤੀ ਹੈ। ਉਸ ਦੇ ਅਪਾਰਟਮੈਂਟ ਦੇ ਆਲੇ-ਦੁਆਲੇ ਪੁਲਸ ਮੌਜੂਦ ਰਹੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਰਾਜਸਥਾਨ ਤੋਂ ਆਏ ਗਿਰੋਹ ਵੱਲੋਂ ਕੋਈ ਨਾਪਾਕ ਗਤੀਵਿਧੀ ਨਾ ਕੀਤੀ ਜਾਵੇ।"

ਇਹ ਵੀ ਪੜ੍ਹੋ : ਮਸ਼ਹੂਰ ਗਾਇਕ KK ਦਾ ਕੋਲਕਾਤਾ 'ਚ ਕੰਸਰਟ ਦੌਰਾਨ ਦਿਹਾਂਤ, 53 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ

ਬਿਸ਼ਨੋਈ ਭਾਈਚਾਰਾ ਕਾਲੇ ਹਿਰਨ ਨੂੰ ਪਵਿੱਤਰ ਪ੍ਰਾਣੀ ਮੰਨਦਾ ਹੈ, ਲਾਰੈਂਸ ਬਿਸ਼ਨੋਈ ਨੂੰ ਕੁਝ ਨਕਾਰਾਤਮਕ ਪ੍ਰਸਿੱਧੀ ਉਦੋਂ ਮਿਲੀ, ਜਦੋਂ ਉਸ ਨੇ ਕਥਿਤ ਤੌਰ 'ਤੇ ਇਕ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ਵਿੱਚ ਸਲਮਾਨ ਖਾਨ ਨੂੰ ਮਾਰਨ ਦੀ ਸਾਜ਼ਿਸ਼ ਬਣਾਈ। ਲਾਰੈਂਸ ਬਿਸ਼ਨੋਈ ਨੇ 2018 ਵਿੱਚ ਇਕ ਅਦਾਲਤ ਦੇ ਬਾਹਰ ਕਿਹਾ ਸੀ, "ਅਸੀਂ ਸਲਮਾਨ ਖਾਨ ਨੂੰ ਮਾਰ ਦੇਵਾਂਗੇ।" ਬਿਸ਼ਨੋਈ ਨੇ ਇਹ ਵੀ ਕਿਹਾ, "ਇਕ ਵਾਰ ਜਦੋਂ ਅਸੀਂ ਕਾਰਵਾਈ ਕਰਾਂਗੇ ਤਾਂ ਸਭ ਨੂੰ ਪਤਾ ਲੱਗ ਜਾਵੇਗਾ। ਮੈਂ ਅਜੇ ਤੱਕ ਕੁਝ ਨਹੀਂ ਕੀਤਾ, ਉਹ ਬਿਨਾਂ ਕਿਸੇ ਕਾਰਨ ਮੇਰੇ 'ਤੇ ਅਪਰਾਧ ਦੇ ਦੋਸ਼ ਲਗਾ ਰਹੇ ਹਨ।"

ਇਹ ਵੀ ਪੜ੍ਹੋ : ਭਾਜਪਾ ਆਗੂ ਤਰੁਣ ਚੁੱਘ ਨੇ ਸਿੱਧੂ ਮੂਸੇਵਾਲਾ ਦੇ ਕਤਲ 'ਤੇ 'ਆਪ' ਸਰਕਾਰ 'ਤੇ ਕੱਢੀ ਭੜਾਸ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News