ਫਾਂਸੀ ਜਾਂ ਉਮਰ ਕੈਦ! ਸੱਜਣ ਕੁਮਾਰ ਨੂੰ ਇਸ ਦਿਨ ਹੋਵੇਗੀ ਸਜ਼ਾ
Friday, Feb 21, 2025 - 03:52 PM (IST)

ਨਵੀਂ ਦਿੱਲੀ- 1984 ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ਵਿਚ ਦੋਸ਼ੀ ਸੱਜਣ ਕੁਮਾਰ ਦੀ ਸਜ਼ਾ ਨੂੰ ਲੈ ਕੇ 25 ਫਰਵਰੀ ਨੂੰ ਫ਼ੈਸਲਾ ਆਵੇਗਾ। ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਸੁਣਵਾਈ ਦੌਰਾਨ ਸ਼ਿਕਾਇਤਕਰਤਾ ਵਲੋਂ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਅਪੀਲ ਕੀਤੀ ਗਈ। ਸ਼ਿਕਾਇਤਕਰਤਾ ਨੇ ਆਪਣੇ ਵਕੀਲ ਦੇ ਜ਼ਰੀਏ ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਦੇ ਸਾਹਮਣੇ ਇਹ ਦਲੀਲ ਦਿੱਤੀ। ਜੱਜ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ ਸੱਜਣ ਕੁਮਾਰ ਖਿਲਾਫ਼ ਸਜ਼ਾ ਨੂੰ ਲੈ ਕੇ ਫ਼ੈਸਲਾ 25 ਫਰਵਰੀ ਤੱਕ ਰਾਖਵਾਂ ਰੱਖ ਲਿਆ ਹੈ। ਹੁਣ 25 ਫਰਵਰੀ ਨੂੰ ਪਤਾ ਲੱਗੇਗਾ ਕਿ ਸੱਜਣ ਨੂੰ ਕੀ ਸਜ਼ਾ ਮਿਲਦੀ ਹੈ।
ਅਦਾਲਤ ਨੇ ਸੱਜਣ ਦੇ ਵਕੀਲ ਨੂੰ ਦੋ ਦਿਨਾਂ ਦੇ ਅੰਦਰ ਆਪਣਾ ਲਿਖਤੀ ਬਿਆਨ ਦਾਖ਼ਲ ਕਰਨ ਨੂੰ ਕਿਹਾ ਹੈ। ਪੀੜਤ ਪੱਖ ਦੇ ਵਕੀਲ ਐੱਚ. ਐੱਸ. ਫੁਲਕਾ ਨੇ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਬੀਤੀ 12 ਫਰਵਰੀ ਨੂੰ ਸੁਣਵਾਈ ਦੌਰਾਨ ਕੋਰਟ ਨੇ ਸੱਜਣ ਨੂੰ ਦੋਸ਼ੀ ਕਰਾਰ ਦਿੱਤਾ ਸੀ। ਦੱਸ ਦੇਈਏ ਕਿ ਇਹ ਮਾਮਲਾ ਦਿੱਲੀ ਦੇ ਸਰਸਵਤੀ ਵਿਹਾਰ ਵਿਚ ਦੋ ਸਿੱਖਾਂ ਦੇ ਕਤਲ ਨਾਲ ਜੁੜਿਆ ਹੈ।
ਕੀ ਹੈ ਮਾਮਲਾ?
ਮਾਮਲਾ 1 ਨਵੰਬਰ 1984 ਨੂੰ ਜਸਵੰਤ ਸਿੰਘ ਅਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਦੇ ਕਤਲ ਨਾਲ ਜੁੜਿਆ ਹੈ। ਦਿੱਲੀ ਦੇ ਸਰਸਵਤੀ ਵਿਹਾਰ ਵਿਚ ਦੋਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਦਿੱਲੀ ਵਿਚ ਸਿੱਖ ਵਿਰੋਧੀ ਦੰਗੇ ਭੜਕੇ ਹੋਏ ਸਨ। ਇਸ ਮਾਮਲੇ ਵਿਚ ਮੁੜ ਜਾਂਚ ਹੋਈ। ਜਾਂਚ ਵਿਚ ਨਵੇਂ ਸਬੂਤ ਵੀ ਮਿਲੇ ਹਨ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਭੜਕੇ ਦੰਗਿਆਂ ਨਾਲ ਸਬੰਧਤ ਕਤਲ ਦੇ ਇਕ ਹੋਰ ਮਾਮਲੇ ਵਿਚ ਸੱਜਣ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਉਹ ਫਿਲਹਾਲ ਤਿਹਾੜ ਜੇਲ੍ਹ ਵਿਚ ਸਜ਼ਾ ਕੱਟ ਰਹੇ ਹਨ।