ਸੱਜਣ ਕੁਮਾਰ ਨੂੰ ਬਰੀ ਕਰਨਾ 41 ਸਾਲ ਬਾਅਦ ਵੀ ਪੀੜਤਾਂ ਨਾਲ ਬੇਇਨਸਾਫ਼ੀ : ਨੀਲਕਾਂਤ ਬਖ਼ਸ਼ੀ
Friday, Jan 23, 2026 - 02:05 AM (IST)
ਨਵੀਂ ਦਿੱਲੀ - 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਕਾਂਗਰਸ ਆਗੂ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ’ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਉਦਯੋਗਪਤੀ ਅਤੇ ਸਮਾਜਿਕ ਚਿੰਤਕ ਨੀਲਕਾਂਤ ਬਖ਼ਸ਼ੀ ਨੇ ਇਸ ਨੂੰ ਪੀੜਤਾਂ ਨਾਲ ‘ਬਹੁਤ ਵੱਡੀ ਬੇਇਨਸਾਫ਼ੀ’ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ 41 ਸਾਲਾਂ ਤੋਂ ਇਨਸਾਫ਼ ਦੀ ਉਮੀਦ ਲਾਈ ਬੈਠੇ ਪੀੜਤ ਪਰਿਵਾਰਾਂ ਦੇ ਜ਼ਖ਼ਮ ਇਸ ਫ਼ੈਸਲੇ ਨਾਲ ਇਕ ਵਾਰ ਫਿਰ ਹਰੇ ਹੋ ਗਏ ਹਨ। ਇਹ ਸਿਰਫ਼ ਕਾਨੂੰਨੀ ਫ਼ੈਸਲਾ ਨਹੀਂ, ਸਗੋਂ ਨੈਤਿਕ ਜ਼ਿੰਮੇਵਾਰੀ ਦਾ ਵੀ ਸਵਾਲ ਹੈ।
ਬਖ਼ਸ਼ੀ ਨੇ ਕਿਹਾ, “ਸਾਨੂੰ ਸਿੱਖ ਭਾਈਚਾਰੇ ਨਾਲ ਮਜ਼ਬੂਤੀ ਨਾਲ ਖੜ੍ਹੇ ਹੋਣਾ ਚਾਹੀਦਾ ਹੈ, ਜਵਾਬਦੇਹੀ ਦੀ ਮੰਗ ਕਰਨੀ ਚਾਹੀਦੀ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਿਰਫ ਪ੍ਰਕਿਰਿਆ ਨਹੀਂ, ਸਗੋਂ ਸੱਚਾ ਅਤੇ ਸਾਰਥਕ ਇਨਸਾਫ਼ ਮਿਲੇ।”
ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਇਸੇ ਵਿੱਚ ਹੈ ਕਿ ਕੋਈ ਵੀ ਵਿਅਕਤੀ, ਚਾਹੇ ਉਹ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ, ਕਾਨੂੰਨ ਤੋਂ ਉੱਪਰ ਨਾ ਹੋਵੇ। ਇਸ ਫ਼ੈਸਲੇ ਨੇ ਇਕ ਵਾਰ ਫਿਰ ਨਿਆਂ ਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
