ਸਹਾਰਨਪੁਰ ਹਿੰਸਾ : ਯੋਗੀ ਸਰਕਾਰ ਨੇ ਭੀਮ ਆਰਮੀ ਅਤੇ ਭਾਜਪਾ ਐੱਮ. ਪੀ. ਨੂੰ ਦੱਸਿਆ ਜ਼ਿੰਮੇਵਾਰ
Sunday, Jun 11, 2017 - 01:40 AM (IST)

ਲਖਨਊ— ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਸਰਕਾਰ ਨੇ ਸਹਾਰਨਪੁਰ ਦੀ ਹਿੰਸਾ ਬਾਰੇ ਜਾਂਚ ਰਿਪੋਰਟ ਗ੍ਰਹਿ ਮੰਤਰਾਲਾ ਨੂੰ ਸੌਂਪ ਦਿੱਤੀ ਹੈ। ਇਕ ਟੀ. ਵੀ. ਚੈਨਲ ਨੂੰ ਇਸ ਰਿਪੋਰਟ ਦੀ ਇਕ ਕਾਪੀ ਮਿਲੀ ਹੈ। ਸਹਾਰਨਪੁਰ 'ਚ ਫਿਰਕੂ ਹਿੰਸਾ ਲਈ ਪ੍ਰਸ਼ਾਸਨ ਦੀ ਲਾਪ੍ਰਵਾਹੀ ਦੇ ਨਾਲ-ਨਾਲ ਭੀਮ ਸੈਨਾ ਅਤੇ ਭਾਜਪਾ ਦੇ ਐੱਮ. ਪੀ. ਰਾਘਵ ਲਖਨਪਾਲ ਨੂੰ ਇਸ ਲਈ ਜ਼ਿੰਮੇਵਾਰ ਕਰਾਰ ਦਿੱਤਾ ਗਿਆ ਹੈ।
ਗ੍ਰਹਿ ਮੰਤਰਾਲਾ ਨੂੰ ਭੇਜੀ ਗਈ 6 ਪੰਨਿਆਂ ਦੀ ਇਸ ਰਿਪੋਰਟ ਮੁਤਾਬਕ ਭੀਮ ਆਰਮੀ ਨੇ ਸਹਾਰਨਪੁਰ 'ਚ ਫਿਰਕੂ ਹਿੰਸਾ ਨੂੰ ਸ਼ਹਿ ਦਿੱਤੀ। ਨਾਲ ਹੀ ਪ੍ਰਸ਼ਾਸਨ ਦੀ ਨਾਕਾਮੀ ਨੂੰ ਵੀ ਇਸ ਹਿੰਸਾ ਨੂੰ ਭੜਕਾਉਣ 'ਚ ਮਦਦ ਕੀਤੀ। ਸਹਾਰਨਪੁਰ ਦੇ ਦੋਵੇਂ ਵੱਡੇ ਅਫਸਰਾਂ ਭਾਵ ਡੀ. ਐੱਮ. ਅਤੇ ਐੱਸ. ਐੱਸ. ਪੀ. ਦਰਮਿਆਨ ਕੋਈ ਤਾਲਮੇਲ ਨਹੀਂ ਸੀ। ਇਸ ਕਾਰਨ ਹਿੰਸਾ ਨੂੰ ਕੰਟਰੋਲ ਕਰਨ ਸਮੇਂ ਮੁਸ਼ਕਲ ਪੇਸ਼ ਆਈ।
ਸਹਾਰਨਪੁਰ ਹਿੰਸਾ 'ਚ ਭੀਮ ਆਰਮੀ ਦੇ ਸੰਸਥਾਪਕ ਚੰਦਰ ਸ਼ੇਖਰ ਅਤੇ ਬਸਪਾ ਦੇ ਸਾਬਕਾ ਸਹਾਇਕ ਰਵਿੰਦਰ ਨੇ ਪ੍ਰਮੁੱਖ ਭੂਮਿਕਾ ਨਿਭਾਈ। ਚੰਦਰ ਸ਼ੇਖਰ ਦੀ ਅਗਵਾਈ ਵਿਚ ਭੀਮ ਆਰਮੀ ਨੇ ਰਾਜਪੂਤ ਅਤੇ ਦਲਿਤਾਂ ਦਰਮਿਆਨ ਜਾਣਬੁੱਝ ਕੇ ਹਿੰਸਾ ਨੂੰ ਭੜਕਾਉਣ ਦਾ ਕੰਮ ਕੀਤਾ। ਸਹਾਰਨਪੁਰ ਦੀ ਹਿੰਸਾ ਇਕ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਸੀ। ਇਥੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਲੋਕਾਂ ਨੇ ਕਈ ਮੌਕਿਆਂ 'ਤੇ ਹਿੰਸਾ ਨੂੰ ਭੜਕਾਉਣ ਦਾ ਕੰਮ ਕੀਤਾ। ਇਸ ਰਿਪੋਰਟ 'ਚ ਲੜੀਵਾਰ ਢੰਗ ਨਾਲ ਲਿਖਿਆ ਗਿਆ ਹੈ ਕਿ ਕਿਵੇਂ ਅਤੇ ਕਦੋਂ ਹਿੰਸਾ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ।