BRICS ; ਰਾਸ਼ਟਰਪਤੀ ਰਾਮਾਫੋਸਾ ਨੇ ਭਾਰਤ-ਦੱਖਣੀ ਅਫਰੀਕਾ ਦੇ ਸਬੰਧਾਂ ਦੀ ਕੀਤੀ ਤਾਰੀਫ਼
Sunday, Sep 13, 2026 - 02:20 PM (IST)
ਨਵੀਂ ਦਿੱਲੀ- ਬ੍ਰਿਕਸ ਸਿਖਰ ਸੰਮੇਲਨ 'ਚ ਹਿੱਸਾ ਲੈਣ ਭਾਰਤ ਪਹੁੰਚੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਆਰਥਿਕ ਸਬੰਧਾਂ ਦੇ ਇੱਕ ਨਵੇਂ ਯੁੱਗ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਕੋਲ ਨਿਵੇਸ਼, ਵਪਾਰ, ਉਦਯੋਗਿਕ ਵਿਕਾਸ ਅਤੇ ਸਥਾਈ ਵਿਕਾਸ ਦੇ ਖੇਤਰਾਂ 'ਚ ਆਪਸੀ ਸਹਿਯੋਗ ਨੂੰ ਵਧਾਉਣ ਦੇ ਵਿਸ਼ਾਲ ਮੌਕੇ ਹਨ।
ਬ੍ਰਿਕਸ ਸੰਮੇਲਨ ਦੌਰਾਨ ਆਯੋਜਿਤ 'ਦੱਖਣੀ ਅਫ਼ਰੀਕਾ-ਭਾਰਤ ਰਾਊਂਡਟੇਬਲ' ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਰਾਮਾਫੋਸਾ ਨੇ ਦੋਵਾਂ ਦੇਸ਼ਾਂ ਦੇ ਉਦਯੋਗਪਤੀਆਂ ਅਤੇ ਕੰਪਨੀਆਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਨੀਤੀਗਤ ਚਰਚਾਵਾਂ ਨੂੰ ਲੰਬੇ ਸਮੇਂ ਦੇ ਨਿਵੇਸ਼ਾਂ ਅਤੇ ਲਾਭਦਾਇਕ ਪ੍ਰੋਜੈਕਟਾਂ 'ਚ ਤਬਦੀਲ ਕਰਨ।
ਰਾਸ਼ਟਰਪਤੀ ਰਾਮਾਫੋਸਾ ਨੇ ਨਵੀਨੀਕਰਨ ਯੋਗ ਊਰਜਾ, ਗ੍ਰੀਨ ਹਾਈਡ੍ਰੋਜਨ, ਮਹੱਤਵਪੂਰਨ ਖਣਿਜ, ਬੁਨਿਆਦੀ ਢਾਂਚਾ, ਖੇਤੀਬਾੜੀ ਅਤੇ ਡਿਜੀਟਲ ਇਨੋਵੇਸ਼ਨ ਨੂੰ ਸਹਿਯੋਗ ਦੇ ਮੁੱਖ ਖੇਤਰ ਦੱਸਿਆ। ਉਨ੍ਹਾਂ ਅਨੁਸਾਰ ਦੱਖਣੀ ਅਫ਼ਰੀਕਾ ਦੇ ਖਣਿਜ ਸਰੋਤਾਂ ਅਤੇ ਭਾਰਤ ਦੀ ਨਿਰਮਾਣ ਸਮਰੱਥਾ ਨਾਲ ਇਲੈਕਟ੍ਰਿਕ ਵਾਹਨ, ਬੈਟਰੀਆਂ ਅਤੇ ਹੋਰ ਉਦਯੋਗਿਕ ਉਤਪਾਦ ਤਿਆਰ ਕਰਨ ਦੇ ਚੰਗੇ ਮੌਕੇ ਪੈਦਾ ਹੋ ਸਕਦੇ ਹਨ।
ਇਹ ਵੀ ਪੜ੍ਹੋ- BRICS 'ਚ ਹਿੱਸਾ ਲੈਣ ਮਗਰੋਂ ਚੀਨ ਲਈ ਰਵਾਨਾ ਹੋਏ ਸ਼ੀ ਜਿਨਪਿੰਗ
ਰਾਮਾਫੋਸਾ ਨੇ ਭਾਰਤੀ ਕੰਪਨੀਆਂ ਨੂੰ ਦੱਖਣੀ ਅਫ਼ਰੀਕਾ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰੋਜੈਕਟਾਂ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ। ਦੱਖਣੀ ਅਫ਼ਰੀਕਾ ਨੇ 100 ਅਰਬ ਡਾਲਰ ਤੋਂ ਵੱਧ ਦੇ 195 ਰਣਨੀਤਕ ਪ੍ਰੋਜੈਕਟਾਂ ਦੀ ਯੋਜਨਾ ਤਿਆਰ ਕੀਤੀ ਹੈ, ਜਿਨ੍ਹਾਂ ਵਿੱਚ ਆਵਾਜਾਈ, ਊਰਜਾ, ਪਾਣੀ ਅਤੇ ਹਸਪਤਾਲ ਵਰਗੇ ਸੈਕਟਰ ਸ਼ਾਮਲ ਹਨ।
ਉਨ੍ਹਾਂ ਡਿਜੀਟਲ ਅਰਥਵਿਵਸਥਾ 'ਚ ਵਧਦੇ ਸਹਿਯੋਗ ਦਾ ਜ਼ਿਕਰ ਕਰਦਿਆਂ ਭਾਰਤੀ ਬਿਜ਼ਨਸ ਸਰਵਿਸਿਜ਼ ਕੰਪਨੀ 'ਅਟੇਨ' (Atain) ਦੇ ਕੇਪ ਟਾਊਨ ਸਾਈਟ ਦੀ ਉਦਾਹਰਨ ਦਿੱਤੀ, ਜੋ ਦੱਖਣੀ ਅਫ਼ਰੀਕਾ 'ਚ ਆਪਣੀ ਵਰਕਫੋਰਸ ਨੂੰ 1,500 ਤੋਂ ਵਧਾ ਕੇ 2,000 ਤੋਂ ਵੱਧ ਨੌਜਵਾਨਾਂ ਤੱਕ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਰਾਮਾਫੋਸਾ ਨੇ ਦੋਵਾਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ, ਖੋਜ ਸੰਸਥਾਵਾਂ ਅਤੇ ਉਦਯੋਗਾਂ ਵਿਚਾਲੇ ਬਿਹਤਰ ਤਾਲਮੇਲ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, "ਸਾਡੇ ਦੇਸ਼ਾਂ ਵਿਚਕਾਰ ਭਾਈਵਾਲੀ ਦੀ ਤਾਕਤ ਸਿਰਫ਼ ਹਸਤਾਖਰ ਕੀਤੇ ਸਮਝੌਤਿਆਂ ਨਾਲ ਨਹੀਂ, ਸਗੋਂ ਹਾਸਲ ਕੀਤੇ ਗਏ ਅਸਲ ਨਤੀਜਿਆਂ ਨਾਲ ਮਾਪੀ ਜਾਂਦੀ ਹੈ।"
ਇਹ ਵੀ ਪੜ੍ਹੋ- ਜਦੋਂ ਮਲੇਸ਼ੀਅਨ PM ਨੇ ਗਾਇਆ- 'ਖ਼ਵਾਬ ਹੋ ਤੁਮ ਯਾ ਕੋਈ ਹਕੀਕਤ..!', ਜਿੱਤ ਲਿਆ ਸਭ ਦਾ ਦਿਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
