ਜੈਸ਼ੰਕਰ ਨੇ ਰੂਸ ਦੇ ਵਿਦੇਸ਼ ਮੰਤਰੀ ਲਾਵਰੋਵ ਨਾਲ ਕੀਤੀ ਗੱਲਬਾਤ
Tuesday, Apr 06, 2021 - 03:05 PM (IST)

ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਦੋ-ਪੱਖੀ ਸੰਬੰਧਾਂ ਦੇ ਵਿਚਾਰ ਵਟਾਂਦਰੇ ਅਤੇ ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ ਦੀਆਂ ਤਿਆਰੀਆਂ ਨੂੰ ਲੈ ਕੇ ਗੱਲਬਾਤ ਕੀਤੀ। ਲਾਵਰੋਵ ਸੋਮਵਾਰ ਸ਼ਾਮ ਨੂੰ ਭਾਰਤ ਦੀ ਕਰੀਬ 19 ਘੰਟਿਆਂ ਦੀ ਯਾਤਰਾ 'ਤੇ ਇੱਥੇ ਪਹੁੰਚੇ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੋਹਾਂ ਮੰਤਰੀਆਂ ਦੀ ਤਸਵੀਰ ਸਾਂਝੀ ਕਰਦੇ ਹੋਏ ਟਵੀਟ ਕੀਤਾ,''ਲੰਬੇ ਸਮੇਂ ਦੀ ਕਸੌਟੀ 'ਤੇ ਖਰੇ ਉਤਰੇ ਸਹਿਯੋਗੀ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਰੂਸ ਦੇ ਵਿਦੇਸ਼ ਮੰਤਰੀ ਦਾ ਸਵਾਗਤ ਕੀਤਾ।''
ਲਾਵਰੋਵ ਦੀ ਯਾਤਰਾ ਤੋਂ ਪਹਿਲਾਂ ਰੂਸੀ ਦੂਤਘਰ ਨੇ ਸੋਮਵਾਰ ਨੂੰ ਕਿਹਾ ਸੀ ਕਿ ਸਦਭਾਵਨਾ, ਆਮ ਸਹਿਮਤੀ ਅਤੇ ਸਮਾਨਤਾ ਦੇ ਸਿਧਾਂਤਾਂ 'ਤੇ ਆਧਾਰ ਸਮੂਹਕ ਕੰਮਾਂ ਨੂੰ ਰੂਸ ਕਾਫ਼ੀ ਮਹੱਤਵ ਦਿੰਦਾ ਹੈ ਅਤੇ ਟਕਰਾਅ ਅਤੇ ਧੜੇ ਬਣਾਉਣ ਵਰਗੇ ਕੰਮਾਂ ਨੂੰ ਖਾਰਜ ਕਰਦਾ ਹੈ। ਦੂਤਘਰ ਨੇ ਕਿਹਾ ਹੈ ਕਿ ਭਾਰਤ ਦੇ ਨਾਲ ਖਾਸ ਰਣਨੀਤਕ ਗਠਜੋੜ ਰੂਸ ਦੀ ਵਿਦੇਸ਼ ਨੀਤੀ ਦੀਆਂ ਤਰਜੀਹਾਂ 'ਚ ਸ਼ਾਮਲ ਹੈ। ਰੂਸੀ ਦੂਤਘਰ ਨੇ ਕਿਹਾ ਕਿ ਲਾਵਰੋਵ ਆਪਣੀ ਯਾਤਰਾ ਦੌਰਾਨ ਆਉਣ ਵਾਲੀਆਂ ਉੱਚ ਪੱਧਰੀ ਬੈਠਕਾਂ, ਦੋ-ਪੱਖੀ ਸੰਬੰਧਾਂ ਦੇ ਵਿਚਾਰ ਵਟਾਂਦਰੇ ਸਮੇਤ ਸਾਲ 2019 'ਚ ਹੋਏ 20ਵੇਂ ਭਾਰਤ-ਰੂਸ ਸਿਖਰ ਸੰਮੇਲਨ ਦੇ ਨਤੀਜਿਆਂ ਦੇ ਪਾਲਣ 'ਤੇ ਵਿਆਪਕ ਚਰਚਾ ਕਰਨਗੇ। ਦੱਸਣਯੋਗ ਹੈ ਕਿ ਭਾਰਤ ਅਤੇ ਰੂਸ ਦਾ ਸਾਲਾਨਾ ਸਿਖਰ ਸੰਮੇਲਨ ਪਿਛਲੇ ਸਾਲ ਕੋਵਿਡ-19 ਮਹਾਮਾਰੀ ਕਾਰਨ ਨਹੀਂ ਹੋ ਸਕਿਆ ਸੀ।
Related News
ਵਿਦੇਸ਼ ਜਾ ਰਹੇ ਨੌਜਵਾਨਾਂ ਲਈ ਮਿਸਾਲ ਬਣਿਆ ਸ਼ਖ਼ਸ, ਕੈਨੇਡਾ ਤੋਂ ਪਰਤ ਰੈਸਟੋਰੈਂਟ ਖੋਲ੍ਹ ਡਾਲਰਾਂ ਤੋਂ ਵੱਧ ਕਰ ਰਿਹੈ ਕਮਾਈ
