ਰੂਸੀ ਮੁੰਡੇ ਅਤੇ ਯੂਕ੍ਰੇਨ ਦੀ ਕੁੜੀ ਨੇ ਧਰਮਸ਼ਾਲਾ 'ਚ ਕਰਵਾਇਆ ਵਿਆਹ ਦਾ ਰਜਿਸਟਰੇਸ਼ਨ, ਜਾਣੋ ਪੂਰਾ ਮਾਮਲਾ
Tuesday, Sep 06, 2022 - 03:18 PM (IST)
ਧਰਮਸ਼ਾਲਾ (ਵਾਰਤਾ)- ਰੂਸ ਅਤੇ ਯੂਕ੍ਰੇਨ ਦਰਮਿਆਨ ਚੱਲ ਰਹੇ ਫ਼ੌਜ ਸੰਘਰਸ਼ ਵਿਚਾਲੇ ਇਜ਼ਰਾਈਲ 'ਚ ਰਹਿਣ ਵਾਲੇ ਰੂਸ ਦੇ ਸਰਗੇਈ ਨੋਵਿਕੋਵ ਨੇ ਯੂਕ੍ਰੇਨ ਦੀ ਮਹਿਲਾ ਦੋਸਤ ਏਲੋਨਾ ਬ੍ਰਾਮੋਕਾ ਨਾਲ ਪਿਛਲੇ ਮਹੀਨੇ ਹਿਮਾਚਲ ਪ੍ਰਦੇਸ਼ 'ਚ ਧਰਮਸ਼ਾਲਾ ਕੋਲ ਦਿਵਿਆ ਆਸ਼ਰਮ ਖਰੋਟਾ 'ਚ ਸਨਾਤਨ ਧਰਮ ਅਨੁਸਾਰ ਵਿਆਹ ਕਰ ਲਿਆ ਪਰ ਜੋੜੇ ਨੇ ਸੋਮਵਾਰ ਨੂੰ ਧਰਮਸ਼ਾਲਾ 'ਚ ਐੱਸ.ਡੀ.ਐੱਮ. ਦਫ਼ਤਰ 'ਚ ਆਪਣੇ ਵਿਆਹ ਦਾ ਰਜਿਸਟਰੇਸ਼ਨ ਕਰਵਾਇਆ।
ਰੂਸ ਅਤੇ ਯੂਕ੍ਰੇਨ ਵਿਚਾਲੇ ਭਿਆਨਕ ਯੁੱਧ ਦੇ ਬਾਵਜੂਦ ਸਰਗੇਈ ਨੋਵਿਕੋਵ ਅਤੇ ਏਲੋਨਾ ਬ੍ਰਾਮੋਕਾ ਪਿਛਲੇ 2 ਸਾਲਾਂ ਤੋਂ ਇਕ ਰਿਸ਼ਤੇ 'ਚ ਸਨ ਅਤੇ ਇਨ੍ਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ। ਵਿਆਹ ਲਈ ਇਨ੍ਹਾਂ ਨੇ ਧਰਮਸ਼ਾਲਾ ਦੀ ਚੋਣ ਕੀਤੀ। ਦਿਵਿਆ ਆਸ਼ਰਮ ਦੇ ਪੰਡਿਤ ਸੰਦੀਪ ਸ਼ਰਮਾ ਨੇ ਦੱਸਿਆ ਕਿ ਸਰਗੇਈ ਅਤੇ ਏਲੋਨਾ ਪਿਛਲੇ ਇਕ ਸਾਲ ਤੋਂ ਧਰਮਸ਼ਾਲਾ ਕੋਲ ਧਰਮਕੋਟ 'ਚ ਰਹਿ ਰਹੇ ਸਨ ਅਤੇ ਪੰਡਿਤ ਰਮਨ ਸ਼ਰਮਾ ਨੇ ਉਨ੍ਹਾਂ ਦਾ ਵਿਆਹ ਸੰਪੰਨ ਕਰਵਾਇਆ ਅਤੇ ਉਨ੍ਹਾਂ ਨੇ ਸਨਾਤਨ ਧਰਮ ਦੀਆਂ ਰਵਾਇਤਾਂ ਅਨੁਸਾਰ ਵਿਆਹ ਦੇ ਮਹੱਤਵ ਬਾਰੇ ਦੱਸਿਆ। ਵਿਨੋਦ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਵਿਆਹ ਦੀਆਂ ਰਸਮਾਂ ਨਿਭਾਈਆਂ, ਜਿਸ 'ਚ ਏਲੋਨਾ ਦਾ ਕੰਨਿਆਦਾਨ ਵੀ ਸ਼ਾਮਲ ਸੀ।