ਯੂਕ੍ਰੇਨ ’ਚ ਫਸੇ 32 ਵਿਦਿਆਰਥੀ ਹਿਮਾਚਲ ਪਹੁੰਚੇ, ਬਿਆਨ ਕੀਤੇ ਉੱਥੋਂ ਦੇ ਹਾਲਾਤ

Monday, Feb 28, 2022 - 11:06 AM (IST)

ਸ਼ਿਮਲਾ (ਪੰਕਜ ਰਾਕਟਾ)– ਯੂਕ੍ਰੇਨ ’ਚ ਫਸੇ ਹਿਮਾਚਲ ਦੇ ਬੱਚਿਆਂ ਦੇ ਵਾਪਸ ਪਰਤਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਐਤਵਾਰ ਨੂੰ ਯੂਕ੍ਰੇਨ ’ਚ ਫਸੇ 32 ਵਿਦਿਆਰਥੀ ਹਿਮਾਚਲ ਪਹੁੰਚੇ। ਸਬੰਧਤ ਵਿਦਿਆਰਥੀ ਯੂਕ੍ਰੇਨ ਤੋਂ ਦਿੱਲੀ ਰੋਮਾਨੀਆ ਦੇ ਰਸਤੇ ਤੋਂ ਪਹੁੰਚੇ ਹਨ, ਇਨ੍ਹਾਂ ’ਚ ਸ਼ਿਮਲਾ ਦੀਆਂ 2 ਵਿਦਿਆਰਥਣਾਂ ਵੀ ਸ਼ਾਮਲ ਹਨ। ਦੋਵੇਂ ਵਿਦਿਆਰਥਣਾਂ ਦੇਰ ਸ਼ਾਮ ਦਿੱਲੀ ਤੋਂ ਵੋਲਵੋ ਬੱਸ ਜ਼ਰੀਏ ਸ਼ਿਮਲਾ ਪਹੁੰਚੀਆਂ। ਸ਼ਿਮਲਾ ਪਹੁੰਚਣ ’ਤੇ ਉਨ੍ਹਾਂ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਦੱਸਿਆ ਕਿ ਯੂਕ੍ਰੇਨ ਅਤੇ ਰੂਸ ਵਿਚਾਲੇ ਲੜਾਈ ਚੱਲ ਰਹੀ ਹੈ। ਉੱਥੋਂ ਦੇ ਹਾਲਾਤ ਬਹੁਤ ਖਰਾਬ ਹਨ। ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਚਲੱਦੇ ਯੂਕ੍ਰੇਨ ’ਚ ਭਾਰਤ ਦੇ ਰਾਜਦੂਤ ਅਤੇ ਉੱਥੋਂ ਦੀ ਸਰਕਾਰ ਲਗਾਤਾਰ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।

ਯੂਕ੍ਰੇਨ ਤੋਂ ਪਰਤੀਆਂ ਵਿਦਿਆਰਥਣਾਂ ਕਸ਼ਿਸ਼ ਸ਼ਰਮਾ ਅਤੇ ਓਸ਼ਿਮਾ ਨੇ ਦੱਸਿਆ ਕਿ ਬੱਸਾਂ ’ਤੇ ਭਾਰਤ ਦਾ ਤਿਰੰਗਾ ਲਾਇਆ ਜਾ ਰਿਹਾ ਹੈ। ਭਾਰਤ ਦਾ ਤਿਰੰਗਾ ਵੇਖਣ ਤੋਂ ਬਾਅਦ ਤਰਜੀਹ ਦੇ ਆਧਾਰ ’ਤੇ ਵਿਦਿਆਰਥੀਆਂ ਨੂੰ ਉੱਥੋਂ ਕੱਢਿਆ ਜਾ ਰਿਹਾ ਹੈ। ਯੂਕ੍ਰੇਨ ’ਚ ਉਹ ਐੱਮ. ਬੀ. ਬੀ. ਐੱਸ. ਚੌਥੇ ਸਮੈਸਟਰ ਦੀਆਂ ਵਿਦਿਆਰਥਣਾਂ ਸਨ। ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਸਹੀ ਸਲਾਮਤ ਵਾਪਸ ਵਤਨ ਪਰਤ ਆਈਆਂ ਹਨ। ਆਸ਼ਿਮਾ ਨੇ ਦੱਸਿਆ ਕਿ ਯੂਕ੍ਰੇਨ ’ਚ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਹਿਮਾਚਲ ਦੇ ਪ੍ਰਾਈਵੇਟ ਕਾਲਜਾਂ ਤੋਂ ਸਸਤੀ ਹੈ। ਜਿੱਥੇ ਉਹ ਰਹਿ ਰਹੀ ਸੀ, ਉੱਥੇ ਹਾਲਾਤ ਠੀਕ ਹਨ। ਖੁਸ਼ੀ ਇਸ ਗੱਲ ਦੀ ਹੈ ਕਿ ਉਹ ਘਰ ਪਰਤ ਆਈ। 

ਜੰਗ ਪ੍ਰਭਾਵਿਤ ਯੂਕ੍ਰੇਨ ’ਚ ਬੰਬਾਰੀ ਕਾਰਨ ਖ਼ੌਫ ਵੀ ਚਿਹਰੇ ’ਤੇ ਵੇਖਿਆ ਜਾ ਸਕਦਾ ਹੈ। ਯੂਕ੍ਰੇਨ ਤੋਂ ਵਿਦਿਆਰਥੀ ਭਾਰਤੀ ਅੰਬੈਂਸੀ ਦੇ ਸਹਿਯੋਗ ਨਾਲ ਦਿੱਲੀ ਅਤੇ ਮੁੰਬਈ ਪਹੁੰਚ ਰਹੇ ਹਨ। ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਹਿਮਾਚਲ ਭਵਨ ’ਚ ਲਿਆਂਦਾ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਭੋਜਨ ਕਰਾਉਣ ਮਗਰੋਂ ਉਨ੍ਹਾਂ ਦੀ ਮੰਜ਼ਿਲ ਸ਼ਿਮਲਾ, ਕਾਂਗੜਾ, ਚੰਬਾ, ਊਨਾ, ਮੰਡੀ ਭੇਜਣ ਦੀ ਵਿਵਸਥਾ ਕੀਤੀ ਗਈ। ਦਰਅਸਲ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸ਼ਨੀਵਾਰ ਨੂੰ ਵਿਧਾਨ ਸਭਾ ’ਚ ਯੂਕ੍ਰੇਨ ਤੋਂ ਪਰਤਣ ਵਾਲੇ ਵਿਦਿਆਰਥੀਆਂ ਨੂੰ ਫਰੀ ਟਰਾਂਸਪੋਰਟ ਸਹੂਲਤ ਉਪਲੱਬਧ ਕਰਾਉਣ ਦਾ ਐਲਾਨ ਕੀਤਾ ਸੀ।


Tanu

Content Editor

Related News