ਰੂਸ-ਯੂਕ੍ਰੇਨ ਦੀ ਜੰਗ ਰੁਕਵਾਉਣ ਲਈ ਭਾਰਤ ਵੱਲ ਦੇਖ ਰਹੇ ਯੂਰਪੀ ਦੇਸ਼
Saturday, Sep 06, 2025 - 03:59 PM (IST)

ਇੰਟਰਨੈਸ਼ਨਲ ਡੈਸਕ- ਬੀਤੇ ਕੁਝ ਸਾਲਾਂ ਤੋਂ ਰੂਸ ਤੇ ਯੂਕ੍ਰੇਨ ਵਿਚਾਲੇ ਚੱਲਦੀ ਆ ਰਹੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਯੂਰਪੀ ਦੇਸ਼ ਜਿੱਥੇ ਯੂਕ੍ਰੇਨ ਦਾ ਸਮਰਥਨ ਕਰ ਰਹੇ ਹਨ, ਉੱਥੇ ਹੀ ਰੂਸ ਪੈਰ ਪਿੱਛੇ ਖਿੱਚਣ ਲਈ ਰਾਜ਼ੀ ਨਹੀਂ ਹੈ। ਇਸੇ ਦੌਰਾਨ ਬੀਤੇ ਦਿਨੀਂ ਚੀਨ 'ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਯੂਰਪੀ ਦੇਸ਼ਾਂ 'ਚ ਚਰਚਾ ਛਿੜ ਗਈ ਹੈ ਤੇ ਉਹ ਦੋਵਾਂ ਦੇਸ਼ਾਂ ਦੀ ਜੰਗ ਰੁਕਵਾਉਣ ਲਈ ਮੋਦੀ ਵੱਲ ਦੇਖ ਰਹੇ ਹਨ।
ਯੂਰਪੀ ਨੇਤਾਵਾਂ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਯੂਕ੍ਰੇਨ ਵਿੱਚ ਸ਼ਾਂਤੀ ਕਾਇਮ ਕਰਨ ਲਈ ਅੱਗੇ ਆਵੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਚੰਗੇ ਸੰਬੰਧ ਹਨ ਤੇ ਇਸ ਕਰ ਕੇ ਭਾਰਤ ਮਾਸਕੋ ‘ਤੇ ਪ੍ਰਭਾਵ ਪਾ ਸਕਦਾ ਹੈ ਤਾਂ ਜੋ ਜਲਦੀ ਸ਼ਾਂਤੀ ਸਮਝੌਤਾ ਹੋ ਸਕੇ।
ਭਾਰਤ ਇਸ ਮਾਮਲੇ ਨੂੰ ਯੂਰਪੀ ਯੂਨੀਅਨ ਨਾਲ ਮੁਫ਼ਤ ਵਪਾਰ ਸਹਿਮਤੀ (FTA) ਨੂੰ ਅੱਗੇ ਵਧਾਉਣ ਦੇ ਹਵਾਲੇ ਨਾਲ ਵੀ ਦੇਖ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਹਮੇਸ਼ਾ ਚਾਹੁੰਦਾ ਹੈ ਕਿ ਯੂਕ੍ਰੇਨ ਜੰਗ ਦਾ ਜਲਦੀ ਅੰਤ ਹੋਵੇ ਅਤੇ ਸਥਾਈ ਸ਼ਾਂਤੀ ਬਣੇ। ਇਸ ਲਈ ਉਹ ਹਰ ਰਚਨਾਤਮਕ ਕੋਸ਼ਿਸ਼ ਦਾ ਸਮਰਥਨ ਕਰਦਾ ਹੈ।
ਇਹ ਵੀ ਪੜ੍ਹੋ- ਭਾਰਤ ਨੂੰ ਝਟਕਾ ਦੇਣ ਦੇ ਚੱਕਰ 'ਚ ਅਮਰੀਕਾ 'ਚ ਹੀ ਫਟ ਗਿਆ 'ਟੈਰਿਫ਼ ਬੰਬ' ! ਹੋ ਗਿਆ ਬੁਰਾ ਹਾਲ
ਜਰਮਨੀ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਯੂਰਪ ਅਤੇ ਅਮਰੀਕਾ ਸ਼ਾਂਤੀ ਲਈ ਕੋਸ਼ਿਸ਼ ਕਰ ਰਹੇ ਹਨ, ਪਰ ਰੂਸ ਨੂੰ ਮਨਾਉਣਾ ਹਾਲੇ ਵੀ ਔਖਾ ਹੈ। ਇਸ ਲਈ ਭਾਰਤ ਆਪਣੀ ਦੋਸਤੀ ਅਤੇ ਸੰਤੁਲਿਤ ਰਿਸ਼ਤੇ ਰਾਹੀਂ ਰੂਸ ਨੂੰ ਗੱਲਬਾਤ ਲਈ ਮਨਾ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਵੀ ਸ਼ਾਂਤੀ ਚਾਹੁੰਦੇ ਹਨ।
ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦੀ ਇਹ ਭੂਮਿਕਾ ਉਸ ਦੀ ਕੂਟਨੀਤੀ ਦੀ ਮਜ਼ਬੂਤੀ ਅਤੇ ਸੰਤੁਲਨ ਦਿਖਾਉਂਦੀ ਹੈ। ਸਿਰਫ਼ ਜੰਗ ਖ਼ਤਮ ਕਰਨ ਲਈ ਹੀ ਨਹੀਂ, ਸਗੋਂ ਵਪਾਰਕ ਸਹਿਯੋਗ ਨੂੰ ਅੱਗੇ ਵਧਾਉਣ ਲਈ ਵੀ ਯੂਰਪ ਭਾਰਤ ਨੂੰ ਕਾਫ਼ੀ ਮਹੱਤਵਪੂਰਨ ਮੰਨਦਾ ਹੈ ਤੇ ਇਹ ਦੇਸ਼ ਭਾਰਤ ਤੋਂ ਵੱਡੀਆਂ ਉਮੀਦਾਂ ਰੱਖਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e