ਰੂਸ ਦੇ ਤਾਬੜਤੋੜ ਹਮਲੇ ਜਾਰੀ, ਯੂਕ੍ਰੇਨ 'ਤੇ ਨਾਟੋ ਹੁਣ ਕੀ ਕਰੇ
Friday, Mar 04, 2022 - 03:36 PM (IST)

ਭਾਰਤ ਸਰਕਾਰ ਦੇ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਅਤੇ ਉਨ੍ਹਾਂ ਦੇ ਨਾਲ ਤਿੰਨ ਮੰਤਰੀ ਜਿਸ ਤਰ੍ਹਾਂ ਹਜ਼ਾਰਾਂ ਵਿਦਿਆਰਥੀਆਂ ਨੂੰ ਯੂਕ੍ਰੇਨ ਤੋਂ ਸੁਰੱਖਿਅਤ ਵਾਪਸ ਲਿਆ ਰਹੇ ਹਨ, ਉਹ ਬਹੁਤ ਹੀ ਸ਼ਲਾਘਾਯੋਗ ਹੈ ਪਰ ਬਦਕਿਸਮਤੀ ਹੈ ਕਿ ਯੂਕ੍ਰੇਨ ’ਤੇ ਰੂਸੀ ਹਮਲਾ ਇੰਨਾ ਲੰਮਾ ਖਿੱਚਦਾ ਚਲਿਆ ਜਾ ਰਿਹਾ ਹੈ ਕਿ ਉਸ ਨੂੰ ਬੰਦ ਕਰਵਾਉਣ ਦੀ ਠੋਸ ਪਹਿਲ ਕੋਈ ਵੀ ਰਾਸ਼ਟਰ ਨਹੀਂ ਕਰ ਰਿਹਾ। ਅਮਰੀਕੀ ਰਾਸ਼ਟਰਪਤੀ ਬਾਈਡੇਨ ਆਪਣੇ ਭਾਸ਼ਣਾਂ ’ਚ ਪੁਤਿਨ ਦੀ ਨਿੰਦਾ ਕਰ ਰਹੇ ਹਨ ਪਰ ਇਹ ਭੁੱਲ ਰਹੇ ਹਨ ਕਿ ਇਸ ਹਮਲੇ ਨੂੰ ਭੜਕਾਉਣ ਦਾ ਅਸਲੀ ਜ਼ਿੰਮੇਵਾਰ ਅਮਰੀਕਾ ਹੀ ਹੈ। ਜੇਕਰ ਉਹ ਯੂਕ੍ਰੇਨ ਨੂੰ ਨਾਟੋ ’ਚ ਸ਼ਾਮਲ ਕਰਨ ਲਈ ਨਾ ਭੜਕਾਉਂਦਾ ਤਾਂ ਇਸ ਰੂਸੀ ਹਮਲੇ ਦੀ ਨੌਬਤ ਹੀ ਨਾ ਆਉਂਦੀ।
ਇਹ ਵੀ ਪੜ੍ਹੋ: ਜੰਗ ’ਚ ਫਸੇ ਭਾਰਤੀਆਂ ਦੀ ਮਦਦ ਲਈ ਉੱਠੇ ਹੱਥ, ਲੰਗਰ ਸੇਵਾ ਦੀ ਤਿਆਰੀ ’ਚ 'ਗੁਰੂ ਦੀ ਫ਼ੌਜ'
ਯੂਕ੍ਰੇਨੀ ਰਾਸ਼ਟਰਪਤੀ ਜੇਲੇਂਸਕੀ ਦੀ ਰਸਮੀ ਅਰਜ਼ੀ ਦੇ ਬਾਵਜੂਦ ਯੂਰਪੀ ਸੰਘ ਅਜੇ ਤੱਕ ਚੁੱਪ ਹੈ। ਉਹ ਉਸ ਨੂੰ ਆਪਣਾ ਮੈਂਬਰ ਬਣਾ ਕੇ ਉਸ ਦੀ ਰੱਖਿਆ ਲਈ ਆਪਣੀ ਫ਼ੌਜ ਕਿਉਂ ਨਹੀਂ ਭੇਜ ਰਿਹਾ। ਹੁਣ ਸੰਯੁਕਤ ਰਾਸ਼ਟਰ ਮਹਾਸਭਾ ਨੇ ਵੀ 141 ਵੋਟਾਂ ਨਾਲ ਰੂਸ ਦੀ ਨਿਖੇਧੀ ਕਰ ਦਿੱਤੀ ਹੈ ਪਰ ਇਹ ਨਿਖੇਧੀ ਵਿਅਰਥ ਹੈ। ਕੀ ਇਸ ਨਾਲ ਰੂਸ ਸਹਿਮ ਗਿਆ ਹੈ? ਹਮਲਾ ਤਾਂ ਜਾਰੀ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਇਸ ਵੋਟਿੰਗ ’ਚ ਚੀਨ, ਭਾਰਤ ਅਤੇ ਪਾਕਿਸਤਾਨ-ਤਿੰਨਾਂ ਨੇ ਆਪਣੀ ਵੋਟ ਨਹੀਂ ਪਾਈ। ਤਿੰਨਾਂ ਨੇ ਪਰਿਵਰਜਨ (ਐਬਸਟੇਨ) ਕੀਤਾ ਭਾਵ ਤਿੰਨੇ ਰਾਸ਼ਟਰ ਆਪਣੇ-ਆਪਣੇ ਰਾਸ਼ਟਰ ਹਿੱਤ ਦੀ ਸੁਰੱਖਿਆ ’ਚ ਲੱਗੇ ਹੋਏ ਹਨ। ਤਿੰਨੇ ਰੂਸ ਅਤੇ ਅਮਰੀਕਾ ’ਚੋਂ ਕਿਸੇ ਦਾ ਵੀ ਗੁੱਸਾ ਮੁੱਲ ਲੈਣਾ ਨਹੀਂ ਚਾਹੁੰਦੇ।
ਇਹ ਵੀ ਪੜ੍ਹੋ: ਜਾਣੋ ਯੂਕ੍ਰੇਨ-ਰੂਸ ਲੜਾਈ ਦੀ ਅਸਲ ਵਜ੍ਹਾ, ਜਿਸ ਕਾਰਨ ਬਰੂਹਾਂ 'ਤੇ ਆਣ ਢੁੱਕੀ 'ਤੀਜੀ ਵਿਸ਼ਵ ਜੰਗ'
ਜਿਵੇਂ ਕਿ ਮੈਂ ਹਫ਼ਤਾ ਭਰ ਪਹਿਲਾਂ ਲਿਖਿਆ ਸੀ, ਰੂਸ ਸ਼ਾਇਦ ਉਦੋਂ ਤੱਕ ਚੈਨ ਨਾਲ ਨਹੀਂ ਬੈਠੇਗਾ, ਜਦੋਂ ਤੱਕ ਉਹ ਯੂਕ੍ਰੇਨ ’ਚ ਆਪਣੀ ਕਠਪੁਤਲੀ ਸਰਕਾਰ ਕਾਇਮ ਨਹੀਂ ਕਰਵਾ ਦੇਵੇਗਾ। ਬੇਲਾਰੂਸ ’ਚ ਯੂਕ੍ਰੇਨ ਅਤੇ ਰੂਸ ਦੀ ਗੱਲਬਾਤ ਅਧੂਰੀ ਰਹਿ ਗਈ ਸੀ। ਅਜਿਹੀ ਸਥਿਤੀ ’ਚ ਰੂਸ ਇਹ ਮੰਗ ਵੀ ਰੱਖ ਰਿਹਾ ਹੈ ਕਿ ਯੂਕ੍ਰੇਨ ’ਚ ਫਲਾਣਾ-ਫਲਾਣਾ ਅਸਤਰ ਨਾਟੋ ਤਾਇਨਾਤ ਨਾ ਕਰੇ। ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਯੂਕ੍ਰੇਨ ’ਚ ਚੇਰਨੋਬਿਲ ਦਾ ਪ੍ਰਸਿੱਧ ਪ੍ਰਮਾਣੂ ਖੇਤਰ ਸੀ ਪਰ ਰੂਸ ਨੇ ਯੂਕ੍ਰੇਨ ਨੂੰ ਪ੍ਰਮਾਣੂ ਮੁਕਤ ਕਰਵਾ ਲਿਆ ਸੀ। ਜੇਕਰ ਯੂਕ੍ਰੇਨ ਕੋਲ ਅੱਜ ਪ੍ਰਮਾਣੂ ਹਥਿਆਰ ਹੁੰਦੇ ਤਾਂ ਕੀ ਪੁਤਿਨ ਦੀ ਉਸ ’ਤੇ ਹਮਲਾ ਕਰਨ ਦੀ ਹਿੰਮਤ ਪੈਂਦੀ?
ਇਹ ਵੀ ਪੜ੍ਹੋ: ਕੇਂਦਰ ਤੇ ਪੰਜਾਬ ਵਿਚਾਲੇ ਭਖਦਾ ਮੁੱਦਾ ਬਣਿਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਜਾਣੋ ਕੀ ਹੈ ਵਿਵਾਦ ਦਾ ਕਾਰਨ
ਇਸ ਸਮੇਂ ਪੱਛਮੀ ਰਾਸ਼ਟਰਾਂ ਦਾ ਫਰਜ਼ ਹੈ ਕਿ ਪੁਤਿਨ ਦੀਆਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਅਤੇ ਰੂਸ ਕੋਲੋਂ ਭਰੋਸਾ ਲੈਣ ਕਿ ਉਹ ਯੂਕ੍ਰੇਨ ਨੂੰ ਆਪਣਾ ਮੋਹਰਾ ਨਹੀਂ ਬਣਾਵੇਗਾ। ਜੇਕਰ ਉਹ ਅਜਿਹਾ ਕਰਨ ਤਾਂ ਇਹ ਤਬਾਹਕੁੰਨ ਜੰਗ ਤੁਰੰਤ ਬੰਦ ਹੋ ਸਕਦੀ ਹੈ। ਭਾਰਤ ਆਪਣੇ ਵਿਦਿਆਰਥੀਆਂ ਨੂੰ ਕੱਢ ਲੈਣ ਦਾ ਉੱਦਮ ਜਿਸ ਲਗਨ ਨਾਲ ਕਰ ਰਿਹਾ ਹੈ, ਉਹੀ ਲਗਨ ਉਹ ਇਸ ਹਮਲੇ ਨੂੰ ਰੁਕਵਾਉਣ ’ਚ ਦਿਖਾਵੇ ਤਾਂ ਉਸ ਦੇ ਨਤੀਜੇ ਚਮਤਕਾਰੀ ਹੋ ਸਕਦੇ ਹਨ।
ਡਾ. ਵੇਦਪ੍ਰਤਾਪ ਵੈਦਿਕ
ਨੋਟ: ਕੀ ਯੂਕ੍ਰੇਨ ਮਸਲੇ 'ਤੇ ਨਾਟੋ ਨੂੰ ਤੁਰੰਤ ਪ੍ਰਭਾਵ ਨਾਲ ਫ਼ੈਸਲਾ ਲੈਣਾ ਚਾਹੀਦਾ ਹੈ?