ਗੁਰੂਗ੍ਰਾਮ ਦੇ ਹੋਟਲ ''ਚ ਬੰਬ ਹੋਣ ਦੀ ਧਮਕੀ ਨਿਕਲੀ ਅਫ਼ਵਾਹ, ਫ਼ੋਨ ਕਰਨ ਵਾਲਾ ਮਾਨਸਿਕ ਰੂਪ ਤੋਂ ਬੀਮਾਰ
Tuesday, Sep 13, 2022 - 06:03 PM (IST)
ਗੁਰੂਗ੍ਰਾਮ (ਭਾਸ਼ਾ)- ਗੁਰੂਗ੍ਰਾਮ 'ਚ ਮਾਨਸਿਕ ਰੂਪ ਨਾਲ ਬੀਮਾਰ 24 ਸਾਲਾ ਇਕ ਵਿਅਕਤੀ ਨੇ ਮੰਗਲਵਾਰ ਨੂੰ 'ਦਿ ਲੀਲਾ' ਹੋਟਲ 'ਚ ਬੰਬ ਹੋਣ ਦੀ ਅਫਵਾਹ ਫੈਲਾ ਕੇ ਪੁਲਸ ਵਿਭਾਗ 'ਚ ਹੜਕੰਪ ਮਚਾ ਦਿੱਤਾ। ਪੁਲਸ ਨੇ ਦੱਸਿਆ ਕਿ ਫ਼ੋਨ ਕਰਨ ਵਾਲਾ ਕਾਲਰ ਔਟਿਜ਼ਮ ਸਪੈਕਟ੍ਰਮ ਰੋਗ (ਏ.ਐੱਸ.ਡੀ.) ਨਾਲ ਪੀੜਤ ਹੈ ਅਤੇ ਸੈਕਟਰ 47 ਦੇ ਇਕ ਹਸਪਤਾਲ ਵਿਚ ਦਾਖ਼ਲ ਹੈ। ਇਸ ਫੋਨ ਕਾਲ ਕਾਰਨ ਕਰੀਬ ਡੇਢ ਘੰਟੇ ਤੱਕ ਪੁਲਸ ਮਹਿਕਮੇ 'ਚ ਹੜਕੰਪ ਮਚਿਆ ਰਿਹਾ। ਇਸ ਦੌਰਾਨ ਉਨ੍ਹਾਂ ਨੇ ਹੋਟਲ 'ਚ ਬੰਬ ਦੀ ਤਲਾਸ਼ ਕੀਤੀ ਅਤੇ ਅੰਤ 'ਚ ਇਸ ਨੂੰ ਅਫਵਾਹ ਕਰਾਰ ਦਿੱਤਾ। ਪੁਲਸ ਦੇ ਡਿਪਟੀ ਕਮਿਸ਼ਨਰ (ਪੂਰਬੀ) ਵੀਰੇਂਦਰ ਵਿਜ ਨੇ ਕਿਹਾ,“ਹੋਟਲ ਕੰਪਲੈਕਸ 'ਚ ਕੁਝ ਵੀ ਸ਼ੱਕੀ ਨਹੀਂ ਮਿਲਿਆ ਅਤੇ ਫ਼ੋਨ ਕਾਲ ਇਕ ਅਫਵਾਹ ਸੀ, ਜੋ ਮਾਨਸਿਕ ਤੌਰ 'ਤੇ ਬੀਮਾਰ ਇਕ ਵਿਅਕਤੀ ਨੇ ਕੀਤੀ ਸੀ। ਫ਼ੋਨ ਕਰਨ ਵਾਲੇ ਦੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।''
ਇਸ ਫੋਨ ਕਾਲ ਤੋਂ ਬਾਅਦ 'ਦਿ ਲੀਲਾ' ਹੋਟਲ 'ਚ ਵੀ ਹਫੜਾ-ਦਫੜੀ ਪੈ ਗਈ। ਐਂਬੀਐਂਸ ਮਾਲ ਕੰਪਲੈਕਸ 'ਚ ਸਥਿਤ ਹੋਟਲ ਕੋਲ ਕਰੀਬ 11.35 ਵਜੇ ਫੋਨ ਆਇਆ ਸੀ। ਹੋਟਲ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ, ਜਿਸ ਨੇ ਬੰਬ ਨਿਰੋਧਕ ਅਤੇ ਸਨੀਫਰ ਸਕੁਐਡ ਨੂੰ ਹੋਟਲ ਭੇਜਿਆ ਅਤੇ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਿਸ ਮੋਬਾਈਲ ਫ਼ੋਨ ਤੋਂ ਆਲ ਆਇਆ ਸੀ, ਉਸ ਨੂੰ ਵਾਪਸ ਮਿਲਾਉਣ 'ਤੇ ਉਹ ਬੰਦ ਮਿਲਿਆ। ਪੁਲਸ ਨੂੰ ਪਤਾ ਲੱਗਾ ਕਿ ਇਹ ਮੋਬਾਈਲ ਫ਼ੋਨ ਸੈਕਟਰ-47 ਸਥਿਤ ਹਸਪਤਾਲ ਵਿਚ ਹੈ ਅਤੇ ਇਹ ਮਾਨਸਿਕ ਤੌਰ 'ਤੇ ਬੀਮਾਰ ਵਿਅਕਤੀ ਦਾ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਗੁਰੂਗ੍ਰਾਮ ਪੁਲਸ ਦੇ ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ,"ਉਹ ਮਾਨਸਿਕ ਤੌਰ 'ਤੇ ਬੀਮਾਰ ਪਾਇਆ ਗਿਆ ਹੈ ਅਤੇ ਗੁਰੂਗ੍ਰਾਮ ਦੇ ਇੱਕ ਨਿੱਜੀ ਹਸਪਤਾਲ ਵਿਚ ਇਲਾਜ ਅਧੀਨ ਹੈ।"