ਮਾਨਸੂਨ ਸੈਸ਼ਨ ਦੂਜੇ ਦਿਨ ਵੀ ਸੰਸਦ ''ਚ ਮਣੀਪੁਰ ਦੇ ਮੁੱਦੇ ''ਤੇ ਹੰਗਾਮਾ, ਕਾਰਵਾਈ ਦਿਨ ਭਰ ਲਈ ਮੁਲਤਵੀ

07/21/2023 5:26:47 PM

ਨਵੀਂ ਦਿੱਲੀ (ਭਾਸ਼ਾ)- ਸੰਸਦ ਦੇ ਮਾਨਸੂਨ ਸੈਸ਼ਨ 'ਚ ਲਗਾਤਾਰ ਦੂਜੇ ਦਿਨ ਸ਼ੁੱਕਰਵਾਰ ਨੂੰ ਵੀ ਮਣੀਪੁਰ ਹਿੰਸਾ ਦੀ ਆਵਾਜ਼ ਸੁਣਾਈ ਦਿੱਤੀ ਅਤੇ ਇਸ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਅਤੇ ਚਰਚਾ ਕਰਵਾਉਣ ਦੀ ਮੰਗ ਨੂੰ ਲੈ ਕੇ ਵਿਰੋਧੀ ਮੈਂਬਰਾਂ ਦੇ ਭਾਰੀ ਹੰਗਾਮੇ ਕਾਰਨ ਲੋਕ ਸਭਾ ਅਤੇ ਰਾਜ ਸਭਾ 'ਚ ਕੋਈ ਕੰਮਕਾਰ ਨਹੀਂ ਹੋ ਸਕਿਆ। ਦੋਹਾਂ ਸਦਨਾਂ 'ਚ ਪ੍ਰਸ਼ਨਕਾਲ, ਜ਼ੀਰੋ ਕਾਲ ਦੇ ਨਾਲ-ਨਾਲ ਸ਼ੁੱਕਰਵਾਰ ਨੂੰ ਹੋਣ ਵਾਲਾ ਗੈਰ-ਸਰਕਾਰੀ ਕੰਮਕਾਰ ਵੀ ਹੰਗਾਮੇ ਦੀ ਭੇਟ ਚੜ੍ਹ ਗਿਆ। ਲੋਕ ਸਭਾ ਦੀ ਕਾਰਵਾਈ ਇਕ ਵਾਰ ਦੀ ਮੁਲਤਵੀ ਤੋਂ ਬਾਅਦ ਦੁਪਹਿਰ ਕਰੀਬ 12.15 ਵਜੇ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ, ਉੱਥੇ ਹੀ ਰਾਜ ਸਭਾ ਦੀ ਕਾਰਵਾਈ ਇਕ ਵਾਰ ਦੀ ਮੁਲਤਵੀ ਤੋਂ ਬਾਅਦ ਦੁਪਹਿਰ 2.30 ਵਜੇ ਮੁੜ ਸ਼ੁਰੂ ਹੋਣ ਦੇ ਇਕ ਮਿੰਟ ਦੇ ਅੰਦਰ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ 'ਚ ਸਦਨ ਦੇ ਉਪਨੇਤਾ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਰੋਧੀ ਧਿਰ 'ਤੇ ਮਣੀਪੁਰ ਮੁੱਦੇ 'ਤੇ ਗੰਭੀਰ ਨਹੀਂ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ,''ਅਸੀਂ ਚਾਹੁੰਦੇ ਹਾਂ ਕਿ ਇਸ 'ਤੇ ਸਦਨ 'ਚ ਚਰਚਾ ਹੋਵੇ ਪਰ ਇੱਥੇ ਕੁਝ ਅਜਿਹੇ ਸਿਆਸੀ ਦਲ ਹਨ ਜੋ ਅਜਿਹੀ ਸਥਿਤੀ ਪੈਦਾ ਕਰਨਾ ਚਾਹੁੰਦੇ ਹਨ ਕਿ ਮਣੀਪੁਰ ਦੀ ਘਟਨਾ 'ਤੇ ਸਦਨ 'ਚ ਚਰਚਾ ਨਾ ਹੋਵੇ।''

ਰਾਜ ਸਭਾ 'ਚ ਮਣੀਪੁਰ ਹਿੰਸਾ, ਦਿੱਲੀ ਦੇ ਸੇਵਾ ਮਾਮਲੇ 'ਤੇ ਆਰਡੀਨੈਂਸ ਦੇ ਅਦਾਲਤ 'ਚ ਵਿਚਾਰ ਅਧੀਨ ਹੋਣ ਦੇ ਬਾਵਜੂਦ ਸਰਕਾਰ ਵਲੋਂ ਉਸ ਦੇ ਸਥਾਨ 'ਤੇ ਬਿੱਲ ਲਿਆਏ ਜਾਣ ਅਤੇ ਸਦਨ ਦੀ ਕਾਰਵਾਈ ਤੋਂ ਕੁਝ ਅੰਸ਼ਾਂ ਨੂੰ ਹਟਾ ਦੇਣ ਦੇ ਮੁੱਦਿਆਂ 'ਤੇ ਵਿਰੋਧੀ ਮੈਂਬਰਾਂ ਨੇ ਹੰਗਾਮਾ ਕੀਤਾ। ਇਕ ਵਾਰ ਦੀ ਮੁਲਤਵੀ ਤੋਂ ਬਾਅਦ ਦੁਪਹਿਰ ਕਰੀਬ 2.30 ਮੁੜ ਸਦਨ ਦੀ ਬੈਠਕ ਸ਼ੁਰੂ ਹੋਈ। ਸਪੀਕਰ ਜਗਦੀਪ ਧਨਖੜ ਨੇ ਦਿੱਲੀ ਦੇ ਉੱਪ ਰਾਜਪਾਲ ਨੂੰ ਸ਼ਕਤੀਆਂ ਪ੍ਰਦਾਨ ਕਰਨ ਦੇ ਪ੍ਰਬੰਧ ਵਾਲੇ 'ਰਾਸ਼ਟਰੀ ਰਾਜਧਾਨੀ ਰਾਜ ਖੇਤਰ ਸ਼ਾਸਨ (ਸੋਧ) ਬਿੱਲ' ਦਾ ਜ਼ਿਕਰ ਕੀਤਾ। ਇਸੇ ਸਮੇਂ ਸੰਜੇ ਸਿੰਘ ਸਮੇਤ ਆਮ ਆਦਮੀ ਪਾਰਟੀ (ਆਪ) ਦੇ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਇਸ ਕਦਮ ਨੂੰ 'ਗੈਰ ਸੰਵਿਧਾਨਕ' ਦੱਸਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News