ਭਾਗਵਤ ਦੀ ਦੇਸ਼ਵਾਸੀਆਂ ਨੂੰ ਅਪੀਲ, ਮਾਂ ਬੋਲੀ ਦਾ ਕਰੋ ਸਤਿਕਾਰ, ਵਿਦੇਸ਼ੀ ਭਾਸ਼ਾਵਾਂ ਦਾ ਨਾ ਕਰੋ ਪ੍ਰਚਾਰ
Thursday, Dec 21, 2023 - 12:52 PM (IST)
ਭੁਵਨੇਸ਼ਵਰ, (ਭਾਸ਼ਾ)– ਰਾਸ਼ਟਰੀ ਸਵੈ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਲੋਕਾਂ ਨੂੰ ਅੰਗਰੇਜ਼ੀ ਵਰਗੀਆਂ ਵਿਦੇਸ਼ੀ ਭਾਸ਼ਾਵਾਂ ਦਾ ਪ੍ਰਚਾਰ ਕਰਨ ਦੀ ਥਾਂ ਆਪਣੀ ਮਾਂ ਬੋਲੀ ਵਿਚ ਗੱਲਬਾਤ ਕਰਨ ਅਤੇ ਇਸ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ। ਭਾਗਵਤ ਨੇ ਇੱਥੇ ‘ਅਖਿਲ ਭਾਰਤੀ ਸਾਹਿਤ ਪਰਿਸ਼ਦ’ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਵਿਚ ਲੋਕਾਂ ਨੇ ਆਪਣੀ ਮਾਂ ਬੋਲੀ ਦੀ ਵਰਤੋਂ ਬੰਦ ਕਰ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਇੱਥੇ ਸਾਡੇ ਦੇਸ਼ ਵਿਚ ਮਾਂ ਬੋਲੀ ਦੀ ਵਰਤੋਂ ’ਤੇ ਬਹੁਤ ਸਾਰੇ ਮੁੱਦੇ ਹਨ। ਅਸੀਂ ਆਪਣੀ ਮਾਂ ਬੋਲੀ ਦੀ ਵਰਤੋਂ ਬੰਦ ਕਰ ਦਿੱਤੀ ਹੈ। ਨਤੀਜੇ ਵਜੋਂ ਸਾਨੂੰ ਆਪਣੇ ਗ੍ਰੰਥਾਂ ਦਾ ਅਰਥ ਸਮਝਣ ਲਈ ਅੰਗਰੇਜ਼ੀ ਡਿਕਸ਼ਨਰੀ ਦਾ ਸੰਦਰਭ ਲੈਣਾ ਪੈਂਦਾ ਹੈ। ਆਰ. ਐੱਸ. ਐੱਸ. ਮੁਖੀ ਨੇ ਕਿਹਾ ਕਿ ਅੱਜ ਅਸੀਂ ਵੱਖ-ਵੱਖ ਭਾਰਤੀ ਭਾਸ਼ਾਵਾਂ ਦੇ ਕਈ ਲੇਖਕਾਂ ਨੂੰ ਸਨਮਾਨਿਤ ਕੀਤਾ ਹੈ ਪਰ ਸਾਡੀ ਮਾਂ ਬੋਲੀ ਨੂੰ ਅਸਲ ਸਨਮਾਨ ਉਦੋਂ ਮਿਲੇਗਾ ਜਦੋਂ ਅਸੀਂ ਇਸ ਦੀ ਵਰਤੋਂ ਕਰਨੀ ਸ਼ੁਰੂ ਕਰਾਂਗੇ।
ਸਾਹਿਤ ਬਾਰੇ ਆਰ. ਐੱਸ. ਐੱਸ. ਮੁਖੀ ਨੇ ਕਿਹਾ ਕਿ ਇਸ ਨੂੰ ਸਮਾਜ ਦੇ ਲਾਭ ਲਈ ਲਿਖਿਆ ਜਾਣਾ ਚਾਹੀਦਾ ਹੈ ਨਾ ਕਿ ਮਨੋਰੰਜਨ ਜਾਂ ਮਨੁੱਖ ਜਾਤੀ ਨੂੰ ਕਿਸੇ ਨੁਕਸਾਨ ਲਈ। ਉਨ੍ਹਾਂ ਨੇ ਕਿਹਾ ਕਿ ‘ਵਿਅਕਤੀ ਨੂੰ ਜ਼ਿੰਮੇਵਾਰ ਬਣਾਉਣ ਲਈ ਸਾਹਿਤ ਲਿਖਿਆ ਜਾਣਾ ਚਾਹੀਦਾ ਹੈ।’’ ਭਾਗਵਤ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਾਚੀਨ ਕਾਲ ਵਿਚ ਹੋਰ ਦੇਸ਼ਾਂ ਵਿਚ ਕੋਈ ਧਰਮ ਨਹੀਂ ਸੀ ਅਤੇ ਉਹ ਭਾਰਤ ਤੋਂ ਚੀਨ ਅਤੇ ਜਾਪਾਨ ਵਰਗੇ ਕੁੱਝ ਹੋਰ ਦੇਸ਼ਾਂ ’ਚ ਫੈਲਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਹਾਲ ਹੀ ਦੀਆਂ ਕੁੱਝ ਕਿਤਾਬਾਂ ਦੀ ਸਮੱਗਰੀ ਤੋਂ ਇਹ ਜਾਪਦਾ ਹੈ ਕਿ ‘ਤੁਸੀਂ ਹਿੰਦੂ ਨਹੀਂ ਹੋ’’ ਅਤੇ ਅਜਿਹੇ ਲੇਖ ਸਮਾਜ ਨੂੰ ਨਕਾਰਾਤਮਕ ਦਿਸ਼ਾ ’ਚ ਲੈ ਜਾਂਦੇ ਹਨ ਜੋ ਖਤਰਨਾਕ ਹੈ। ਬਾਅਦ ਵਿਚ ਗੱਲਬਾਤ ਦੌਰਾਨ ਭਾਗਵਤ ਨੇ ‘ਇੰਡੀਆ’ ਦੀ ਥਾਂ ਭਾਰਤ ਨਾਂ ਦੀ ਵਕਾਲਤ ਕੀਤੀ।