RSS ਆਰਮੀ ਸਕੂਲ ਅਪ੍ਰੈਲ ਤੋਂ ਹੋਵੇਗਾ ਸ਼ੁਰੂ, ਅਧਿਆਪਕਾਂ ਤੇ ਵਿਦਿਆਰਥੀਆਂ ਲਈ ਹੋਵੇਗੀ ਯੂਨੀਫਾਰਮ

Monday, Jan 27, 2020 - 11:10 AM (IST)

RSS ਆਰਮੀ ਸਕੂਲ ਅਪ੍ਰੈਲ ਤੋਂ ਹੋਵੇਗਾ ਸ਼ੁਰੂ, ਅਧਿਆਪਕਾਂ ਤੇ ਵਿਦਿਆਰਥੀਆਂ ਲਈ ਹੋਵੇਗੀ ਯੂਨੀਫਾਰਮ

ਨਵੀਂ ਦਿੱਲੀ— ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਹੁਣ ਆਰਮੀ ਸਕੂਲ ਖੋਲ੍ਹਣ ਜਾ ਰਿਹਾ ਹੈ। ਸਕੂਲ ਭਵਨ ਦਾ ਨਿਰਮਾਣ ਲੱਗਭਗ ਪੂਰਾ ਹੋ ਚੁੱਕਾ ਹੈ। ਰੱਜੂ ਭਈਆ ਆਰਮੀ ਸਕੂਲ ਮੰਦਰ ਨਾਂ ਤੋਂ ਬਣੇ ਸਕੂਲ ਦਾ ਪਹਿਲਾ ਸੈਸ਼ਨ ਅਪ੍ਰੈਲ 2020 ਤੋਂ ਸ਼ੁਰੂ ਹੋ ਜਾਵੇਗਾ। ਪਹਿਲੇ ਬੈਂਚ ਲਈ ਜਮਾਤ 6ਵੀਂ ਦੇ 160 ਵਿਦਿਆਰਥੀਆਂ ਲਈ ਅਰਜ਼ੀਆਂ ਮੰਗਵਾਈਆਂ ਜਾ ਰਹੀਆਂ ਹਨ। ਰੱਜੂ ਭਈਆ ਸੈਨਿਕ ਸਕੂਲ ਮੰਦਰ ਦੇ ਡਾਇਰੈਕਟਰ ਕਰਨਲ ਸ਼ਿਵ ਪ੍ਰਤਾਪ ਸਿੰਘ ਨੇ ਇਕ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਵਿਦਿਆਰਥੀਆਂ ਨੂੰ ਐੱਨ. ਡੀ. ਏ., ਨੇਵਲ ਅਕੈਡਮੀ ਅਤੇ ਇੰਡੀਅਨ ਆਰਮੀ ਲਈ 12ਵੀਂ ਟੈਕਨੀਕਲ ਪ੍ਰੀਖਿਆ ਦੀ ਤਿਆਰੀ ਕਰਵਾਵਾਂਗੇ। ਡਾਇਰੈਕਟਰ ਨੇ ਦੱਸਿਆ ਕਿ 23 ਫਰਵਰੀ ਤਕ ਰਜਿਸਟ੍ਰੇਸ਼ਨ ਹੋਵੇਗੀ ਅਤੇ 1 ਮਾਰਚ ਨੂੰ ਐਂਟਰੀ ਪ੍ਰੀਖਿਆ ਹੋਵੇਗੀ, ਜਿਸ ਵਿਚ ਵਿਦਿਆਰਥੀਆਂ 'ਚ ਤਰਕਸ਼ੀਲ, ਆਮ ਗਿਆਨ, ਗਣਿਤ ਅਤੇ ਅੰਗਰੇਜ਼ੀ ਦੀ ਸਮਰੱਥਾ ਦਾ ਮੁਲਾਂਕਣ ਹੋਵੇਗਾ। ਲਿਖਤੀ ਪ੍ਰੀਖਿਆ ਤੋਂ ਇਲਾਵਾ ਇੰਟਰਵਿਊ ਵੀ ਲਿਖਤੀ ਵੀ ਹੋਵੇਗਾ ਅਤੇ ਫਿਰ ਉਨ੍ਹਾਂ ਦਾ ਮੈਡੀਕਲ ਟੈਸਟ ਹੋਵੇਗਾ। 6 ਅਪ੍ਰੈਲ ਤੋਂ ਸੈਸ਼ਨ ਸ਼ੁਰੂ ਹੋਵੇਗਾ।

ਜੰਗ 'ਚ ਸ਼ਹੀਦ ਹੋਏ ਫੌਜੀ ਵੀਰਾਂ ਦੇ ਬੱਚਿਆਂ ਲਈ 8 ਸੀਟਾਂ ਰਿਜ਼ਰਵਡ ਹੋਣਗੀਆਂ। ਸ਼ਹੀਦਾਂ ਦੇ ਬੱਚਿਆਂ ਨੂੰ ਉਮਰ ਵਿਚ ਵੀ ਕੁਝ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਕੂਲ ਵਿਚ ਰਿਜ਼ਰਵੇਸ਼ਨ ਦੀ ਦੂਜੀ ਕੋਈ ਵਿਵਸਥਾ ਨਹੀਂ ਹੋਵੇਗੀ। ਇਸ 'ਚ ਸੀ. ਬੀ. ਐੱਸ. ਈ. ਪੈਟਰਨ ਤੋਂ ਪੜ੍ਹਾਈ ਹੋਵੇਗੀ। ਸਕੂਲ ਨੇ ਅਧਿਆਪਕਾਂ ਅਤੇ ਪ੍ਰਸ਼ਾਸਨਿਕ ਕਰਮਚਾਰੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜੋ ਫਰਵਰੀ ਅਖੀਰ ਤਕ ਪੂਰੀ ਹੋ ਜਾਵੇਗੀ। ਸਕੂਲ ਦੇ ਪ੍ਰਿੰਸੀਪਲ ਆਰ. ਐੱਸ. ਐੱਸ. ਦੇ ਵਿਦਿਆ ਭਾਰਤੀ ਸਕੂਲ ਤੋਂ ਆਉਣਗੇ। ਸਕੂਲ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ, ਦੋਹਾਂ ਲਈ ਯੂਨੀਫਾਰਮ ਹੋਣਗੇ। ਬੱਚਿਆਂ ਲਈ ਹਲਕੀ ਨੀਲੀ ਕਮੀਜ਼ ਅਤੇ ਗੂੜ੍ਹੇ ਨੀਲੇ ਰੰਗ ਦੀ ਪੈਂਟ ਹੋਵੇਗੀ। ਜਦਕਿ ਅਧਿਆਪਕਾਂ ਲਈ ਭੂਰੇ ਰੰਗ ਦੀ ਪੈਂਟ ਅਤੇ ਸਾਦੀ ਕਮੀਜ਼ ਹੋਵੇਗੀ। ਸਕੂਲ ਦੇ ਉਦਘਾਟਨ ਸਮਾਰੋਹ 'ਤੇ ਵੀ ਵਿਚਾਰ ਹੋ ਰਿਹਾ ਹੈ, ਜਿਸ ਵਿਚ ਸੰਘ ਅਤੇ ਭਾਜਪਾ ਨੇਤਾ ਅਤੇ ਸੀਨੀਅਰ ਮੰਤਰੀਆਂ ਦੀ ਮੌਜੂਦਗੀ ਹੋ ਸਕਦੀ ਹੈ।


author

Tanu

Content Editor

Related News