RSS ਅਤੇ ਨੇਤਾਜੀ ਦੋਹਾਂ ਦੀ ਟੀਚਾ ''ਭਾਰਤ ਨੂੰ ਇਕ ਮਹਾਨ ਰਾਸ਼ਟਰ ਬਣਾਉਣਾ'': ਮੋਹਨ ਭਾਗਵਤ
Monday, Jan 23, 2023 - 01:37 PM (IST)
ਕੋਲਕਾਤਾ- ਰਾਸ਼ਟਰੀ ਸਵੈ-ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੱਖਣ-ਪੰਥੀ ਸੰਗਠਨ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਟੀਚਾ ਇਕ ਹੀ ਹੈ, ਭਾਰਤ ਨੂੰ ਇਕ ਮਹਾਨ ਰਾਸ਼ਟਰ ਬਣਾਉਣਾ। ਭਾਗਵਤ ਨੇ ਇਹ ਬਿਆਨ ਆਜ਼ਾਦੀ ਘੁਲਾਟੀਏ ਦੀ ਵਿਚਾਰਧਾਰਾ ਇਕਸਾਰ ਨਾ ਹੋਣ ਨੂੰ ਲੈ ਕੇ ਚੱਲ ਰਹੀ ਬਹਿਸ ਦੌਰਾਨ ਦਿੱਤਾ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਨੇਤਾਜੀ ਧਰਮਨਿਰਪੱਖਤਾ ਵਿਚ ਵਿਸ਼ਵਾਸ ਕਰਦੇ ਸਨ, ਜੋ ਕਿ RSS ਦੀ ਹਿੰਦੂਤਵ ਵਿਚਾਰਧਾਰਾ ਦੇ ਉਲਟ ਹੈ।
ਭਾਗਵਤ ਨੇ ਸਾਰਿਆਂ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਗੁਣਾਂ ਅਤੇ ਸਿੱਖਿਆਵਾਂ ਨੂੰ ਗ੍ਰਹਿਣ ਕਰਨ ਅਤੇ ਦੇਸ਼ ਨੂੰ "ਵਿਸ਼ਵ ਗੁਰੂ" ਬਣਾਉਣ ਲਈ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਨੇਤਾਜੀ ਨੂੰ ਨਾ ਸਿਰਫ਼ ਇਸ ਲਈ ਯਾਦ ਕਰਦੇ ਹਾਂ ਕਿਉਂਕਿ ਅਸੀਂ ਆਜ਼ਾਦੀ ਸੰਗਰਾਮ ਵਿਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਦੇ ਸ਼ੁਕਰਗੁਜ਼ਾਰ ਹਾਂ, ਸਗੋਂ ਇਹ ਯਕੀਨੀ ਬਣਾਉਣ ਲਈ ਕਿ ਅਸੀਂ ਉਨ੍ਹਾਂ ਦੇ ਗੁਣਾਂ ਨੂੰ ਗ੍ਰਹਿਣ ਕਰੀਏ। ਭਾਰਤ ਨੂੰ ਮਹਾਨ ਬਣਾਉਣ ਦਾ ਉਨ੍ਹਾਂ ਦਾ ਸੁਫ਼ਨਾ ਅਜੇ ਪੂਰਾ ਨਹੀਂ ਹੋਇਆ। ਇਸ ਨੂੰ ਹਾਸਲ ਕਰਨ ਲਈ ਸਾਨੂੰ ਕੰਮ ਕਰਨਾ ਪਵੇਗਾ।
ਭਾਗਵਤ ਨੇ ਕਿਹਾ ਕਿ ਹਾਲਾਤ ਅਤੇ ਰਸਤੇ ਵੱਖ-ਵੱਖ ਹੋ ਸਕਦੇ ਹਨ ਪਰ ਮੰਜ਼ਿਲ ਇਕੋ ਹੈ। ਉਨ੍ਹਾਂ ਕਿਹਾ ਸੁਭਾਸ਼ ਬਾਬੂ (ਨੇਤਾਜੀ) ਪਹਿਲਾਂ ਕਾਂਗਰਸ ਨਾਲ ਜੁੜੇ ਸਨ ਅਤੇ 'ਸਤਿਆਗ੍ਰਹਿ' ਅਤੇ 'ਅੰਦੋਲਨ' ਦੇ ਰਾਹ 'ਤੇ ਚੱਲੇ ਪਰ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਕਾਫ਼ੀ ਨਹੀਂ ਹੈ ਅਤੇ ਆਜ਼ਾਦੀ ਲਈ ਲੜਨ ਦੀ ਲੋੜ ਹੈ ਤਾਂ ਉਨ੍ਹਾਂ ਨੇ ਇਸ ਲਈ ਕੰਮ ਕੀਤਾ। ਰਸਤੇ ਵੱਖ-ਵੱਖ ਹਨ ਪਰ ਟੀਚਾ ਇਕੋ ਹੈ। ਉਨ੍ਹਾਂ ਕਿਹਾ ਕਿ ਨੇਤਾ ਜੀ ਨੇ ਕਿਹਾ ਸੀ ਕਿ ਭਾਰਤ ਨੂੰ ਦੁਨੀਆ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਇਸ ਟੀਚੇ ਨੂੰ ਹਾਸਲ ਕਰਨ ਲਈ ਸਾਨੂੰ ਕੰਮ ਕਰਨਾ ਹੋਵੇਗਾ।