ਬਾਹੁਬਲੀ ਵਿਧਾਇਕ ਮੁਖਤਾਰ ਅੰਸਾਰੀ ਦੇ ਬੇਟਿਆਂ ਦੇ ਨਾਮ ਦਰਜ 24 ਕਰੋੜ ਰੁਪਏ ਦੀ ਜ਼ਮੀਨ ਹੋਈ ਕੁਰਕ
Wednesday, Jun 09, 2021 - 04:40 PM (IST)
ਮਊ- ਉੱਤਰ ਪ੍ਰਦੇਸ਼ ਦੇ ਮਊ ਜ਼ਿਲ੍ਹਾ ਪ੍ਰਸ਼ਾਸਨ ਨੇ ਜੇਲ੍ਹ 'ਚ ਬੰਦ ਬਸਪਾ ਦੇ ਬਾਹੁਬਲੀ ਵਿਧਾਇਕ ਮੁਖਤਾਰ ਅੰਸਾਰੀ ਦੇ ਬੇਟਿਆਂ ਦੇ ਨਾਮ ਦਰਜ 24 ਕਰੋੜ ਰੁਪਏ ਦੀ ਜਾਇਦਾਦ ਬੁੱਧਵਾਰ ਨੂੰ ਕੁਰਕ ਕਰ ਲਈ। ਐਡੀਸ਼ਨਲ ਪੁਲਸ ਸੁਪਰਡੈਂਟ ਤ੍ਰਿਭੁਵਨ ਨਾਥ ਤ੍ਰਿਪਾਠੀ ਨੇ ਦੱਸਿਆ ਕਿ ਮੁਖਤਾਰ ਅੰਸਾਰੀ ਗੈਂਗ 'ਤੇ ਕਾਰਵਾਈ ਦੇ ਅਧੀਨ ਅੰਸਾਰੀ ਦੇ ਬੇਟਿਆਂ ਅੱਬਾਸ ਅਤੇ ਉਮਰ ਦੇ ਨਾਮ ਦੱਖਣੀ ਟੋਲਾ ਥਾਣਾ ਖੇਤਰ ਦੇ ਦਸਈ ਪੋਖਰਾ ਸਥਿਤ 8880 ਵਰਗ ਮੀਟਰ ਖੇਤਰ 'ਚ ਫੈਲੀ 24 ਕਰੋੜ ਰੁਪਏ ਮੁੱਲ ਦੀ ਜਾਇਦਾਦ ਕੁਰਕ ਕਰ ਲਈ ਗਈ। ਇਸ ਸਰਕਾਰੀ ਜ਼ਮੀਨ ਨੂੰ ਮੁਖਤਾਰ ਅੰਸਾਰੀ ਨੇ ਹੇਰਾਫੇਰੀ ਕਰਵਾ ਕੇ ਆਪਣੇ ਬੇਟਿਆਂ ਦੇ ਨਾਮ ਦਰਜ ਕਰਵਾ ਲਿਆ ਸੀ। ਪ੍ਰਸ਼ਾਸਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਐਡੀਸ਼ਨਲ
ਪੁਲਸ ਸੁਪਰਡੈਂਟ ਤ੍ਰਿਭੁਵਨ ਨਾਥ ਤ੍ਰਿਪਾਠੀ ਅਤੇ ਸਿਟੀ ਮੈਜਿਸਟਰੇਟ ਦੀ ਅਗਵਾਈ 'ਚ ਮੈਜਿਸਟਰੇਟ ਦੇ ਆਦੇਸ਼ 'ਤੇ ਕੁਰਕੀ ਦੀ ਕਾਰਵਾਈ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਕ੍ਰਿਸ਼ਨਾਨੰਦ ਰਾਏ ਕਤਲਕਾਂਡ ਅਤੇ ਕਈ ਹੋਰ ਮਾਮਲਿਆਂ 'ਚ ਇਸ ਸਮੇਂ ਜੇਲ੍ਹ 'ਚ ਬੰਦ ਮਊ ਸੀਟ ਤੋਂ ਬਸਪਾ ਦੇ ਬਾਹੁਬਲੀ ਵਿਧਾਇਕ ਮੁਖਤਾਰ ਅੰਸਾਰੀ ਦੇ ਪਰਿਵਾਰ ਅਤੇ ਗਿਰੋਹ ਨਾਲ ਜੁੜੇ ਲੋਕਾਂ ਦੀ ਹੁਣ ਤੱਕ 50 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੁਰਕ ਕੀਤੀ ਜਾ ਚੁਕੀ ਹੈ।