2 ਹਜ਼ਾਰ ਰੁਪਏ ਦੇ ਨੋਟਾਂ ਦਾ ਮੁੱਦਾ : ਸੰਜੇ ਰਾਊਤ ਦਾ ਪ੍ਰਧਾਨ ਮੰਤਰੀ ''ਤੇ ''ਮਨਮਾਨੇ'' ਫ਼ੈਸਲੇ ਲੈਣ ਦਾ ਦੋਸ਼
Monday, May 22, 2023 - 05:51 PM (IST)
ਮੁੰਬਈ (ਭਾਸ਼ਾ)- ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਦੇ ਨੇਤਾ ਸੰਜੇ ਰਾਊਤ ਨੇ 2 ਹਜ਼ਾਰ ਰੁਪਏ ਦੇ ਨੋਟ ਨੂੰ ਚਲਨ ਤੋਂ ਬਾਹਰ ਕਰਨ ਦੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਐਲਾਨ ਦੇ ਕੁਝ ਦਿਨ ਬਾਅਦ ਸੋਮਵਾਰ ਨੂੰ ਦਾਅਵਾ ਕੀਤਾ ਕਿ ਜਦੋਂ ਕੋਈ ਫ਼ੈਸਲਾ ਭਾਜਪਾ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਜਾਂਦਾ ਹੈ ਤਾਂ ਪ੍ਰਧਾਨ ਮੰਤਰੀ ਨਕਾਰਾਤਮਕ ਭਾਵਨਾਵਾਂ ਨੂੰ ਘੱਟ ਕਰਨ ਲਈ ਕੁਝ 'ਮਨਮਾਨੇ' ਫ਼ੈਸਲੇ ਕਰਦੇ ਹਨ। ਦੱਸਣਯੋਗ ਹੈ ਕਿ ਆਰ.ਬੀ.ਆਈ. ਨੇ 19 ਮਈ ਨੂੰ 2 ਹਜ਼ਾਰ ਰੁਪਏ ਦੇ ਨੋਟ ਨੂੰ ਚਲਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਇਨ੍ਹਾਂ ਨੋਟਾਂ ਨੂੰ ਬੈਂਕ ਖਾਤਿਆਂ 'ਚ ਜਮ੍ਹਾ ਕਰਨ ਜਾਂ ਬਦਲਣ ਲਈ ਜਨਤਾ ਨੂੰ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ।
ਆਰ.ਬੀ.ਆਈ. ਦੇ ਫ਼ੈਸਲੇ ਬਾਰੇ ਪੁੱਛੇ ਜਾਣ 'ਤੇ ਰਾਊਤ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਦਾਅਵਾ ਕੀਤਾ,''ਜਦੋਂ ਕੋਈ ਫ਼ੈਸਲਾ ਭਾਜਪਾ ਜਾਂ ਮੋਦੀ ਖ਼ਿਲਾਫ਼ ਜਾਂਦਾ ਹੈ ਤਾਂ ਉਹ ਨਕਾਰਾਤਮਕ ਭਾਵਨਾਵਾਂ ਨੂੰ ਘੱਟ ਕਰਨ ਲਈ ਕੁਝ ਮਨਮਾਨੇ ਫ਼ੈਸਲੇ ਕਰਦੇ ਹਨ।'' ਉਨ੍ਹਾਂ ਕਿਹਾ,''ਕਰਨਾਟਕ ਇਕ ਮਹੱਤਵਪੂਰਨ ਦੱਖਣੀ ਸੂਬਾ ਹੈ, ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਤਿਉਹਾਰ ਮਨਾਉਂਦੇ ਹਨ। ਸੂਬੇ 'ਚ ਸਭ ਤੋਂ ਜ਼ਿਆਦਾ ਮੰਦਰ ਹਨ ਅਤੇ ਲੋਕ ਆਪਣੇ ਧਾਰਮਿਕ ਝੁਕਾਅ ਨੂੰ ਲੁਕਾਉਂਦੇ ਨਹੀਂ ਹਨ। ਇਸ ਦੇ ਬਾਵਜੂਦ ਕਰਨਾਟਕ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਨੂੰ ਨਕਾਰ ਦਿੱਤਾ ਹੈ।'' ਉਨ੍ਹਾਂ ਨੇ ਪੁੱਛਿਆ ਕਿ ਭਾਜਪਾ ਲਈ ਇਹ ਸਵੀਕਾਰ ਕਰਨਾ ਇੰਨਾ ਮੁਸ਼ਕਲ ਕਿਉਂ ਹੈ। ਰਾਊਤ ਨੇ ਕਿਹਾ ਕਿ ਭਾਜਪਾ ਨੂੰ ਹਾਰ ਨੂੰ ਸਵੀਕਾਰ ਕਰਨਾ ਸਿੱਖਣਾ ਚਾਹੀਦਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅਜਿਹੇ (ਹਾਰ ਦੇ) ਹੋਰ ਮੌਕੇ ਆਉਣਗੇ।