1984 ਸਿੱਖ ਦੰਗੇ : RP ਸਿੰਘ ਦੀ ਮੁੱਖ ਮੰਤਰੀ ਯੋਗੀ ਨੂੰ ਅਪੀਲ, ਜਲਦ ਪੇਸ਼ ਕੀਤੀ ਜਾਵੇ SIT ਦੀ ਰਿਪੋਰਟ

Saturday, Sep 11, 2021 - 02:20 PM (IST)

1984 ਸਿੱਖ ਦੰਗੇ : RP ਸਿੰਘ ਦੀ ਮੁੱਖ ਮੰਤਰੀ ਯੋਗੀ ਨੂੰ ਅਪੀਲ, ਜਲਦ ਪੇਸ਼ ਕੀਤੀ ਜਾਵੇ SIT ਦੀ ਰਿਪੋਰਟ

ਨੈਸ਼ਨਲ ਡੈਸਕ- ਸਾਲ 1984 ’ਚ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉੱਤਰ ਪ੍ਰਦੇਸ਼ ਵੀ ਸਿੱਖ ਦੰਗਿਆਂ ਦੀ ਅੱਗ ’ਚ ਝੁਲਸਿਆ ਸੀ। ਇਨ੍ਹਾਂ ਦੰਗਿਆਂ ਦੇ 36 ਸਾਲਾਂ ਬਾਅਦ ਜਾਂਚ ਲਈ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਗਠਿਤ ਕੀਤੀ ਗਈ ਸੀ। ਉੱਥੇ ਹੀ ਹੁਣ ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਅਪੀਲ ਕੀਤੀ ਹੈ ਕਿ ਫਰਵਰੀ 2019 ’ਚ 1984 ਸਿੱਖ ਦੰਗਿਆਂ ਦੀ ਜਾਂਚ ਲਈ ਗਠਿਤ ‘ਸਿੱਟ’ ਦੀ ਰਿਪੋਰਟ ਜਲਦ ਤੋਂ ਜਲਦ ਪੇਸ਼ ਕਰਵਾਉਣ। ਆਰ.ਪੀ. ਸਿੰਘ ਨੇ ਟਵੀਟ ਕਰ ਕੇ ਕਿਹਾ,‘‘ਉੱਤਰ ਪ੍ਰਦੇਸ਼ ਪੁਲਸ ਦੇ ਸੇਵਾਮੁਕਤ ਡੀ.ਜੀ. ਅਤੁਲ ਦੀ ਪ੍ਰਧਾਨਗੀ ’ਚ ਤਿੰਨ ਮੈਂਬਰੀ ਐੱਸ.ਆਈ.ਟੀ. ਨੇ 6 ਮਹੀਨਿਆਂ ’ਚ ਆਪਣੀ ਰਿਪੋਰਟ ਦੇਣੀ ਸੀ। ਮੈਂ ਮੁੱਖ ਮੰਤਰੀ ਆਦਿੱਤਿਆਨਾਥ ਨੂੰ ਅਪੀਲ ਕਰਦਾ ਹਾਂ ਕਿ ਜਲਦ ਤੋਂ ਜਲਦ ਸਿੱਖ ਦੰਗਿਆਂ ’ਤੇ ਰਿਪੋਰਟ ਪੇਸ਼ ਕੀਤੀ ਜਾਵੇ।’’ ‘ਸਿੱਟ’ ਦੇ ਹੋਰ ਮੈਂਬਰਾਂ ’ਚ ਸੇਵਾਮੁਕਤ ਜ਼ਿਲ੍ਹਾ ਜੱਜ ਸੁਭਾਸ਼ ਚੰਦਰ ਅਗਰਵਾਲ ਅਤੇ ਸੇਵਾਮੁਕਤ ਐਡੀਸ਼ਨਲ ਡਾਇਰੈਕਟਰ ਯੋਗੇਸ਼ਵਰ ਕ੍ਰਿਸ਼ਨ ਸ਼੍ਰੀਵਾਸਤਵ ਸ਼ਾਮਲ ਹਨ। ਸਿੱਟ ਦੰਗਿਆਂ ਦੌਰਾਨ ਦਰਜ ਸ਼ਿਕਾਇਤ ਦੀ ਜਾਂਚ ਕਰ ਰਹੀ ਹੈ, ਜਿਸ ’ਚ ਜ਼ਿਲ੍ਹਾ ਪੁਲਸ ਨੇ ਅੰਤਿਮ ਰਿਪੋਰਟ ਸੌਂਪੀ ਸੀ। ਟੀਮ ਉਨ੍ਹਾਂ ਮਾਮਲਿਆਂ ਦੀ ਵੀ ਜਾਂਚ ਕਰ ਰਹੀ ਹੈ, ਜਿਨ੍ਹਾਂ ’ਚ ਦੋਸ਼ੀ ਨੂੰ ਕੋਰਟ ਤੋਂ ਰਾਹਤ ਮਿਲੀ ਸੀ। 

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ ਤੋਂ ਬਾਅਦ ਮੁੱਖ ਮੰਤਰੀ ਯੋਗੀ ਨੇ ਸਿੱਖ ਦੰਗਿਆਂ ਦੀ ਜਾਂਚ ਲਈ ਸਾਲ 2019 ’ਚ ਇਕ ‘ਸਿੱਟ’ ਦਾ ਗਠਨ ਕੀਤਾ ਸੀ। ਇਸ ਸਿੱਟ ਨੂੰ ਕਈ ਸ਼ਕਤੀਆਂ ਦਿੱਤੀਆਂ ਗਈਆਂ ਅਤੇ ਨਿਰਪੱਖ ਜਾਂਚ ਕਰਨ ਲਈ ਕਿਹਾ ਗਿਆ ਸੀ। ਯੂ.ਪੀ. ਪੁਲਸ ਦੇ ਸੇਵਾਮੁਕਤ ਡੀ.ਜੀ. ਅਤੁਲ ਦੀ ਪ੍ਰਧਾਨਗੀ ’ਚ ਇਸ ਦਾ ਗਠਨ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ 1984 'ਚ ਦਿੱਲੀ ਤੋਂ ਬਾਅਦ ਕਾਨਪੁਰ 'ਚ ਸਿੱਖ ਦੰਗੇ ਸਭ ਤੋਂ ਭਿਆਨਕ ਸਨ। ਕਾਨਪੁਰ 'ਚ 300 ਤੋਂ ਵਧ ਸਿੱਖ ਮਾਰੇ ਜਾਣ ਅਤੇ ਸੈਂਕੜੇ ਘਰ ਤਬਾਹ ਹੋਣ ਦੇ ਦੋਸ਼ ਲੱਗੇ ਸਨ। ਹਾਲਾਂਕਿ ਜਾਂਚ ਕਰਨ ਵਾਲੇ ਰੰਗਨਾਥ ਮਿਸ਼ਰਾ ਕਮਿਸ਼ਨ ਨੇ ਦੰਗਿਆਂ 'ਚ 127 ਮੌਤਾਂ ਹੋਣ ਦੀ ਗੱਲ ਕਹੀ ਸੀ।

ਇਹ ਵੀ ਪੜ੍ਹੋ : ਸਿੱਖ ਸ਼ਰਧਾਲੂਆਂ ਨੂੰ 4 ਤਖ਼ਤਾਂ ਨੂੰ ਜੋੜਨ ਵਾਲੀ 'ਸਰਕਿਟ ਰੇਲ' ਦਾ ਤੋਹਫ਼ਾ', RP ਸਿੰਘ ਨੇ PM ਮੋਦੀ ਦੀ ਕੀਤੀ ਸ਼ਲਾਘਾ


author

DIsha

Content Editor

Related News