ਬਿਹਾਰ ਦੀ ਸਿਆਸਤ ''ਚ ਵੱਡਾ ਭੂਚਾਲ ! ਲਾਲੂ ਪ੍ਰਸਾਦ ਦੀ ਧੀ ਨੇ ਛੱਡੀ ਸਿਆਸਤ, ਪਰਿਵਾਰ ਤੋਂ ਵੀ ਕੀਤਾ ਕਿਨਾਰਾ
Saturday, Nov 15, 2025 - 03:51 PM (IST)
ਨੈਸ਼ਨਲ ਡੈਸਕ- ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਰਾਸ਼ਟਰੀ ਜਨਤਾ ਦਲ (RJD)-ਕਾਂਗਰਸ ਦੀ ਅਗਵਾਈ ਵਾਲੇ ਮਹਾਗਠਬੰਧਨ (MGB) ਨੂੰ ਭਾਜਪਾ ਤੇ ਜਨਤਾ ਦਲ ਯੂਨਾਈਟਿਡ (ਜੇ.ਡੀ.ਯੂ.) ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚੋਣਾਂ ਦੇ ਨਤੀਜਿਆਂ ਤੋਂ ਇੱਕ ਦਿਨ ਬਾਅਦ ਹੀ ਲਾਲੂ ਪ੍ਰਸਾਦ ਯਾਦਵ ਦੀ ਧੀ ਅਤੇ ਤੇਜਸਵੀ ਯਾਦਵ ਦੀ ਭੈਣ, ਰੋਹਿਣੀ ਆਚਾਰੀਆ ਨੇ ਸ਼ਨੀਵਾਰ ਨੂੰ ਅਚਨਾਕ ਰਾਜਨੀਤੀ ਛੱਡਣ ਦਾ ਐਲਾਨ ਕਰ ਕੇ ਬਿਹਾਰ ਦੀ ਰਾਜਨੀਤੀ 'ਚ ਵੱਡਾ ਸਿਆਸੀ ਭੂਚਾਲ ਲਿਆ ਦਿੱਤਾ ਹੈ।
ਰੋਹਿਣੀ ਆਚਾਰੀਆ ਨੇ ਸਿਰਫ਼ ਰਾਜਨੀਤੀ ਛੱਡਣ ਦਾ ਹੀ ਨਹੀਂ, ਸਗੋਂ ਆਪਣੇ ਪਰਿਵਾਰ ਤੋਂ ਵੀ ਦੂਰੀ ਬਣਾਉਣ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਨੇ 'X' 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਨੂੰ ਸੰਜੇ ਯਾਦਵ ਅਤੇ ਰਮੀਜ਼ ਨਾਮ ਦੇ ਵਿਅਕਤੀਆਂ ਨੇ ਅਜਿਹਾ ਕਰਨ ਲਈ ਕਿਹਾ ਸੀ।
ਰੋਹਿਣੀ ਨੇ ਆਪਣੀ ਪੋਸਟ ' ਲਿਖਿਆ, ''ਮੈਂ ਰਾਜਨੀਤੀ ਛੱਡ ਰਹੀ ਹਾਂ ਅਤੇ ਮੈਂ ਆਪਣੇ ਪਰਿਵਾਰ ਤੋਂ ਵੀ ਵੱਖ ਹੋ ਰਹੀ ਹਾਂ। ਮੈਨੂੰ ਸੰਜੇ ਯਾਦਵ ਅਤੇ ਰਮੀਜ਼ ਨੇ ਅਜਿਹਾ ਕਰਨ ਲਈ ਕਿਹਾ ਸੀ ਅਤੇ ਇਸ ਦਾ ਸਾਰਾ ਜ਼ਿੰਮਾ ਮੈਂ ਖ਼ੁਦ ਲੈਂਦੀ ਹਾਂ।''

ਰੋਹਿਣੀ ਲਾਲੂ ਪ੍ਰਸਾਦ ਦੀ ਸਭ ਤੋਂ ਵੱਡੀ ਸਮਰਥਕ ਰਹੀ ਹੈ, ਦੇ ਇਸ ਐਲਾਨ ਨੂੰ ਤੇਜਸਵੀ ਯਾਦਵ ਦੇ ਕਰੀਬੀ ਸਲਾਹਕਾਰਾਂ 'ਤੇ ਇੱਕ ਦੋਸ਼ ਵਜੋਂ ਦੇਖਿਆ ਜਾ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਸੰਜੇ ਯਾਦਵ, ਤੇਜਸਵੀ ਦੇ ਲੰਬੇ ਸਮੇਂ ਤੋਂ ਰਾਜਨੀਤਿਕ ਸਲਾਹਕਾਰ ਹਨ।
ਪਾਰਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ, ਚੋਣ ਨਤੀਜਿਆਂ ਤੋਂ ਬਾਅਦ ਤੇਜਸਵੀ ਦਾ ਅੰਦਰੂਨੀ ਦਾਇਰੇ ਪ੍ਰਤੀ ਗੁੱਸਾ ਵਧ ਰਿਹਾ ਸੀ ਅਤੇ ਰੋਹਿਣੀ ਦਾ ਇਹ ਐਲਾਨ ਯਾਦਵ ਪਰਿਵਾਰ ਦੇ ਅੰਦਰ ਵਧਦੀ ਫੁੱਟ ਦਾ ਸਭ ਤੋਂ ਵੱਡਾ ਸੰਕੇਤ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਰੋਹਿਣੀ ਦਾ ਸਿਆਸਤ ਛੱਡ ਜਾਣਾ ਪਾਰਟੀ 'ਚ ਆ ਚੁੱਕੀਆਂ ਤਰੇੜਾਂ ਨੂੰ ਬੇਨਕਾਬ ਕਰਦਾ ਹੈ ਅਤੇ ਚੋਣ ਹਾਰ ਤੋਂ ਬਾਅਦ ਪਾਰਟੀ ਦੇ ਸੁਧਾਰ ਅਤੇ ਤੇਜਸਵੀ ਦੀ ਲੀਡਰਸ਼ਿਪ ਲਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
