ਭਰਾ ਬਣ ਕੇ ਪਤੀ ਕਰਵਾਉਂਦਾ ਸੀ ਪਤਨੀ ਦਾ ਵਿਆਹ, ਇੰਝ ਹੋਇਆ ਲੁਟੇਰੀ ਦੁਲਹਨ ਗੈਂਗ ਦਾ ਪਰਦਾਫਾਸ਼

Monday, Jul 22, 2024 - 11:52 PM (IST)

ਭਰਾ ਬਣ ਕੇ ਪਤੀ ਕਰਵਾਉਂਦਾ ਸੀ ਪਤਨੀ ਦਾ ਵਿਆਹ, ਇੰਝ ਹੋਇਆ ਲੁਟੇਰੀ ਦੁਲਹਨ ਗੈਂਗ ਦਾ ਪਰਦਾਫਾਸ਼

ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੀ ਖਰਗੋਨ ਪੁਲਸ ਨੇ ਇਕ ਲੁਟੇਰੀ ਲਾੜੀ ਨੂੰ ਉਸਦੇ ਪਤੀ ਸਮੇਤ ਗ੍ਰਿਫਤਾਰ ਕੀਤਾ ਹੈ। ਜਦਕਿ ਉਸਦੇ ਚਾਰ ਹੋਰ ਸਾਥੀ ਫ਼ਰਾਰ ਹਨ, ਜਿਨ੍ਹਾਂ ਨੂੰ ਫੜਨ ਲਈ ਪੁਲਸ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਘਟਨਾ ਦਾ ਖੁਲਾਸਾ ਕਰਦੇ ਹੋਏ ਪੁਲਸ ਨੇ ਦੱਸਿਆ ਕਿ ਮੁਲਜ਼ਮ ਪਤੀ ਆਪਣੀ ਪਤਨੀ ਦਾ ਭਰਾ ਬਣ ਕੇ ਉਸ ਦਾ ਹੋਰ ਥਾਂ ਵਿਆਹ ਕਰਵਾਉਂਦਾ ਸੀ, ਕੁਝ ਦਿਨਾਂ ਬਾਅਦ ਦੋਵੇਂ ਗਹਿਣੇ, ਨਕਦੀ ਲੁੱਟ ਕੇ ਫਰਾਰ ਹੋ ਜਾਂਦੇ ਸਨ। ਕੋਤਵਾਲੀ ਇੰਚਾਰਜ ਬੀਐੱਲਮੰਡਲੋਈ ਨੇ ਦੱਸਿਆ ਕਿ ਪੁਲਸ ਨੇ ਕੁੰਡਾ ਨਗਰ ਨਿਵਾਸੀ ਨਿਖਿਲ ਸਾਵਲੇ ਅਤੇ ਉਸ ਦੀ ਪਤਨੀ ਦੀਪਿਕਾ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਮੁਲਜ਼ਮ ਦੀਪਿਕਾ ਦੀ ਮਾਂ ਮਮਤਾ ਬਾਈ ਨੇ ਥਾਣੇ 'ਚ ਆਪਣੀ ਬੇਟੀ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਉਸ ਨੇ ਆਪਣੇ ਜਵਾਈ ਨਿਖਿਲ ਸਾਵਲੇ 'ਤੇ ਵੀ ਆਪਣੀ ਧੀ ਨੂੰ ਗਾਇਬ ਕਰਨ ਦਾ ਦੋਸ਼ ਲਾਇਆ। ਸ਼ਿਕਾਇਤ ਮਿਲਦੇ ਹੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਦੀਪਿਕਾ ਅਤੇ ਉਸ ਦੇ ਪਤੀ ਨਿਖਿਲ ਨੂੰ ਲੱਭ ਲਿਆ। ਪੁਲਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਪਤੀ-ਪਤਨੀ ਫਰਜ਼ੀ ਵਿਆਹ ਕਰਵਾ ਕੇ ਲੋਕਾਂ ਤੋਂ ਪੈਸੇ ਵਸੂਲਦੇ ਸਨ।

ਪੁਲਸ ਨੇ ਲੁਟੇਰੀ ਲਾੜੀ ਤੇ ਉਸ ਦੇ ਪਤੀ ਨੂੰ ਕੀਤਾ ਗ੍ਰਿਫਤਾਰ
ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਰਾਜਸਥਾਨ ਦੇ ਟੋਕਰ ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਅਤੇ ਉਸਦੇ ਪਰਿਵਾਰ ਨੂੰ ਫਸਾਇਆ। ਦੀਪਿਕਾ ਨੇ ਨੌਜਵਾਨ ਨਾਲ ਵਿਆਹ ਕਰਵਾ ਲਿਆ ਅਤੇ ਚਾਰ ਦਿਨ ਉਸ ਨਾਲ ਰਹੀ। ਇਸ ਤੋਂ ਬਾਅਦ ਦੀਪਿਕਾ ਦਾ ਪਤੀ ਉਸ ਦਾ ਭਰਾ ਬਣ ਕੇ ਪਿੰਡ ਆਇਆ ਅਤੇ ਸਹੁਰੇ ਪਰਿਵਾਰ ਨੂੰ ਦੱਸਿਆ ਕਿ ਉਸ ਦੇ ਭਰਾ ਦਾ ਐਕਸੀਡੈਂਟ ਹੋ ਗਿਆ ਹੈ। ਉਹ ਦੀਪਿਕਾ ਨੂੰ ਕੁਝ ਦਿਨਾਂ ਲਈ ਆਪਣੇ ਨਾਲ ਲੈ ਕੇ ਜਾ ਰਹੇ ਹਨ। ਇਸ ਤੋਂ ਬਾਅਦ ਸਾਰੇ ਗਾਇਬ ਹੋ ਗਏ। ਫਿਰ ਪੀੜਤ ਨੇ ਸਥਾਨਕ ਥਾਣੇ 'ਚ ਇਸ ਦੀ ਸ਼ਿਕਾਇਤ ਦਰਜ ਕਰਵਾਈ।

ਪੁਲਸ ਨੇ ਮੁਲਜ਼ਮ ਦੀਪਿਕਾ ਅਤੇ ਨਿਖਿਲ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 143, 61 ਅਤੇ 144 ਤਹਿਤ ਕੇਸ ਦਰਜ ਕਰਕੇ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਥਾਣਾ ਇੰਚਾਰਜ ਮੰਡਲੋਈ ਨੇ ਦੱਸਿਆ ਕਿ ਨਿਖਿਲ ਅਤੇ ਦੀਪਿਕਾ ਨੇ ਪਹਿਲਾਂ ਵੀ ਅਜਿਹੀਆਂ ਦੋ ਹੋਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਪੁਲਸ ਰਿਮਾਂਡ 'ਤੇ ਨਿਖਿਲ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


author

Baljit Singh

Content Editor

Related News