ਭਾਰਤ ਦੇ ਇਸ ਸੂਬੇ ''ਚ ਸੜਕ ਹਾਦਸਿਆਂ ''ਚ ਸਭ ਤੋਂ ਵੱਧ ਮੌਤਾਂ : ਰਿਪੋਰਟ

Saturday, May 18, 2019 - 01:54 PM (IST)

ਭਾਰਤ ਦੇ ਇਸ ਸੂਬੇ ''ਚ ਸੜਕ ਹਾਦਸਿਆਂ ''ਚ ਸਭ ਤੋਂ ਵੱਧ ਮੌਤਾਂ : ਰਿਪੋਰਟ

ਨਵੀਂ ਦਿੱਲੀ— ਭਾਰਤ 'ਚ ਰੋਜ਼ਾਨਾ ਕਿਤੇ ਨਾ ਕਿਤੇ ਸੜਕ ਹਾਦਸਾ ਵਾਪਰਦਾ ਹੈ, ਜਿਸ ਕਾਰਨ ਕਈ ਜ਼ਿੰਦਗੀਆਂ ਖਤਮ ਹੋ ਜਾਂਦੀਆਂ ਹਨ। 2018 'ਚ ਦੇਸ਼ ਭਰ 'ਚ ਸੜਕ ਹਾਦਸਿਆਂ ਵਿਚ ਕਰੀਬ ਡੇਢ ਲੱਖ ਲੋਕ ਹਾਦਸਿਆਂ ਦਾ ਸ਼ਿਕਾਰ ਹੋਏ। ਸੜਕ ਹਾਦਸਿਆਂ ਵਿਚ ਆਪਣੀ ਜਾਨ ਗਵਾਉਣ ਦੇ ਮਾਮਲੇ ਵਿਚ ਉੱਤਰ ਪ੍ਰਦੇਸ਼ (ਯੂ. ਪੀ.) ਸਭ ਤੋਂ ਅੱਗੇ ਹੈ। ਡਬਲਿਊ. ਐੱਚ. ਓ. ਦੀ ਰਿਪੋਰਟ ਮੁਤਾਬਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਰੋਜ਼ਾਨਾ ਔਸਤਨ 652 ਤੋਂ ਵੱਧ ਲੋਕ ਸੜਕ ਹਾਦਸਿਆਂ ਵਿਚ ਜਾਨ ਗਵਾਉਂਦੇ ਹਨ। ਇਹ ਅੰਕੜੇ ਟੀਬੀ ਵਰਗੀ ਗੰਭੀਰ ਬੀਮਾਰੀ ਤੋਂ ਜਾਨ ਗਵਾਉਣ ਵਾਲੇ ਲੋਕਾਂ ਤੋਂ ਸਾਢੇ 5 ਗੁਣਾ ਤੋਂ ਵੀ ਜ਼ਿਆਦਾ ਹੈ। ਉੱਥੇ ਹੀ ਸੜਕ ਟਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਦੀ ਰਿਪੋਰਟ ਮੁਤਾਬਕ ਦੇਸ਼ ਵਿਚ ਰੋਜ਼ ਕਰੀਬ 1400 ਸੜਕ ਹਾਦਸੇ ਵਾਪਰਦੇ ਹਨ, ਜਿਨ੍ਹਾਂ 'ਚ 400 ਲੋਕ ਮਾਰੇ ਜਾਂਦੇ ਹਨ। ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਉੱਤਰ ਪ੍ਰਦੇਸ਼ ਦੀ ਸਥਿਤੀ ਸਭ ਤੋਂ ਭਿਆਨਕ ਹੈ।

ਹਾਦਸਿਆਂ ਵਿਚ ਮਰਨ ਵਾਲਿਆਂ 'ਚ ਸਭ ਤੋਂ ਜ਼ਿਆਦਾ ਦੋ-ਪਹੀਆ ਵਾਹਨ ਸਵਾਰ ਸਨ, ਤਾਂ ਦੂਜੇ ਨੰਬਰ 'ਤੇ ਆਟੋ ਰਿਕਸ਼ਾ ਸਵਾਰ ਲੋਕ। ਸੜਕ ਹਾਦਸਿਆਂ ਵਿਚ ਮਰਨ ਵਾਲੇ ਲੋਕਾਂ ਦੇ ਮਾਮਲੇ 'ਚ ਰੂਸ ਦੁਨੀਆ 'ਚ ਪਹਿਲੇ ਨੰਬਰ 'ਤੇ ਹੈ। ਦੂਜੇ ਨੰਬਰ 'ਤੇ ਭਾਰਤ, ਤੀਜੇ 'ਤੇ ਅਮਰੀਕਾ, ਚੌਥੇ 'ਤੇ ਫਰਾਂਸ ਅਤੇ ਡੈਨਮਾਰਕ ਪੰਜਵੇਂ ਨੰਬਰ 'ਤੇ ਹੈ। ਸੜਕ ਹਾਦਸਿਆਂ ਨੂੰ ਰੋਕਣ ਲਈ ਮੋਟਰ ਵ੍ਹੀਕਲ ਐਕਟ ਦਾ ਜੋ ਮਸੌਦਾ ਸਾਹਮਣੇ ਆਇਆ ਹੈ, ਉਸ ਦੇ ਤਹਿਤ ਬੱਚਿਆਂ ਲਈ ਹੈਲਮਟ ਅਤੇ ਕਾਰ ਚਾਲਕ ਨਾਲ ਹੋਰਨਾਂ ਲਈ ਵੀ ਸੀਟ ਬੈਲਟ ਬੰਨ੍ਹਣਾ ਜ਼ਰੂਰੀ ਹੈ। ਇਸ ਨਾਲ ਗੰਭੀਰ ਸੱਟਾਂ ਲੱਗਣ ਦਾ ਖਦਸ਼ਾ ਹੀ ਨਹੀਂ ਸਗੋਂ ਕਿ ਦੇਸ਼ ਵਿਚ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਨੂੰ ਵੀ ਘੱਟ ਕੀਤਾ ਜਾ ਸਕੇਗਾ।


author

Tanu

Content Editor

Related News