ਸੜਕ ਹਾਦਸੇ ''ਚ IIS ਅਫਸਰ ਦੀ ਦਰਦਨਾਕ ਮੌਤ
Sunday, Dec 31, 2017 - 10:38 AM (IST)

ਇਟਾਵਾ— ਆਗਰਾ-ਲਖਨਉੂ ਐਕਸਪ੍ਰੈਸ-ਵੇਅ 'ਤੇ ਸ਼ਨੀਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਹੋ ਗਿਆ। ਇਸ ਹਾਦਸੇ 'ਚ ਇਕ ਆਈ.ਆਈ.ਐਸ ਅਫਸਰ ਦੀਪਲ ਸਕਸੈਨਾ ਦੀ ਮੌਤ ਹੋ ਗਈ। ਦੀਪਲ 2015 ਬੈਚ ਦੇ ਆਈ.ਆਈ.ਐਸ ਸਨ। ਅਜੇ 12 ਦਸੰਬਰ ਨੂੰ ਦੀਪਲ ਦਾ ਵਿਆਹ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ ਅਫਸਰ ਦੇ ਡਰਾਈਵਰ ਸਮੇਤ ਉਨ੍ਹਾਂ ਦੀ ਪਤਨੀ ਅਤੇ ਮਾਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਦੀਪਲ ਆਪਣੀ ਪਤਨੀ ਅਤੇ ਮਾਂ ਨਾਲ ਦਿੱਲੀ 'ਚ ਖਰੀਦੇ ਫਲੈਟ 'ਚ ਸ਼ਿਫਟ ਹੋਣ ਲਈ ਜਾ ਰਿਹਾ ਸੀ। ਉਨ੍ਹਾਂ ਦਾ ਡਰਾਈਵਰ ਸੰਦੀਪ ਕੁਮਾਰ ਗੱਡੀ ਚਲਾ ਰਿਹਾ ਸੀ। ਇਟਾਵਾ ਥਾਣਾ ਉਸਰਾਹਰ ਦੇ ਭਰਤੀਆ ਕੋਠੀ ਨੇੜੇ ਅਚਾਨਕ ਉਨ੍ਹਾਂ ਦੀ ਕਾਰ ਦੇ ਇਕ ਸਾਈਡ ਦੇ 2 ਟਾਇਰ ਫਟ ਗਏ। ਇਸ ਕਾਰਨ ਉਨ੍ਹਾਂ ਦੀ ਕਾਰ ਪਲਟ ਗਈ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ।
ਬੀਤੀ 11 ਦਸੰਬਰ 2017 ਨੂੰ ਦੀਪਲ ਦਾ ਵਿਆਹ ਹੋਇਆ ਸੀ। ਗੱਡੀ 'ਚ ਵਿਆਹ ਦਾ ਸਾਰਾ ਸਮਾਨ ਰੱਖਿਆ ਸੀ। ਉਨ੍ਹਾਂ ਦੀ ਪਤਨੀ ਸਾਕਸ਼ੀ ਦੀ ਮਹਿੰਦੀ ਵੀ ਹੱਥ 'ਤੇ ਲੱਗੀ ਸੀ ਅਤੇ ਇਹ ਹਾਦਸਾ ਹੋ ਗਿਆ। ਹਾਦਸੇ ਦੀ ਜਾਣਕਾਰੀ ਹੁੰਦੇ ਹੀ ਲੋਕਾਂ ਦੀ ਭੀੜ ਇੱਕਠੀ ਹੋ ਗਈ। ਇਸ ਦੇ ਬਾਅਦ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਇਸ ਗੱਲ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਤੁਰੰਤ ਮੌਕੇ 'ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।