ਮਿੱਟੀ ਨਾਲ ਭਰੇ ਡੰਪਰ ਨੇ ਬਾਈਕ ਸਵਾਰ ਜੋੜੇ ਨੂੰ ਕੁਚਲਿਆ, ਔਰਤ ਦੀ ਮੌਕੇ ''ਤੇ ਮੌਤ
Tuesday, Mar 18, 2025 - 04:31 PM (IST)

ਯਮੁਨਾਨਗਰ- ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ 'ਚ ਇਕ ਵਾਰ ਫਿਰ ਵੱਡਾ ਸੜਕ ਹਾਦਸਾ ਵਾਪਰ ਗਿਆ। ਇੱਥੇ ਇਕ ਤੇਜ਼ ਰਫ਼ਤਾਰ ਓਵਰਲੋਡ ਡੰਪਰ ਨੇ ਬਾਈਕ ਸਵਾਰ ਪਤੀ-ਪਤਨੀ ਨੂੰ ਕੁਚਲ ਦਿੱਤਾ। ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਪਤੀ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਟਰੱਕ ਅਤੇ ਬਾਈਕ ਵੀ ਸੜ ਗਏ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚ ਗਈ।
ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਦੇ ਹੇਠਾਂ ਬਾਈਕ ਸਵਾਰ ਕਈ ਮੀਟਰ ਤੱਕ ਘਸੀੜਦੇ ਗਏ। ਟਰੱਕ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਉਸ 'ਚੋਂ ਡੀਜ਼ਲ ਵਹਿ ਗਿਆ। ਕੁਝ ਦੇਰ 'ਚ ਹੀ ਟਰੱਕ ਨੂੰ ਅੱਗ ਲੱਗ ਗਈ ਅਤੇ ਟਰੱਕ ਹੇਠਾਂ ਦੱਬਿਆ ਬਾਈਕ ਵੀ ਸੜ ਕੇ ਸੁਆਹ ਹੋ ਗਿਆ। ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਨੂੰ ਰਾਹਗੀਰਾਂ ਦੀ ਮਦਦ ਨਾਲ ਟਰੱਕ ਹੇਠੋਂ ਬਾਹਰ ਕੱਢਿਆ ਗਿਆ। ਜਦਕਿ ਗੰਭੀਰ ਰੂਪ 'ਚ ਜ਼ਖਮੀ ਪਤੀ ਨੂੰ ਯਮੁਨਾਨਗਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਟਰੱਕ ਡਰਾਈਵਰ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰਾਂ ਨੇ ਟਰੱਕ ਦੀ ਅੱਗ ਨੂੰ ਬੁਝਾ ਕੇ ਹਾਦਸੇ ਸਬੰਧੀ ਥਾਣਾ ਬਿਲਾਸਪੁਰ ਦੀ ਪੁਲਸ ਨੂੰ ਸੂਚਿਤ ਕੀਤਾ।
ਮਿੱਟੀ ਨਾਲ ਭਰ ਕੇ ਟਰੱਕ ਜਗਾਧਰੀ ਵੱਲ ਜਾ ਰਿਹਾ ਸੀ
ਜਾਂਚ ਅਧਿਕਾਰੀ ਵਿਕਰਮ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਜਗਾਧਰੀ ਤੋਂ ਬਿਲਾਸਪੁਰ ਵੱਲ ਜਾ ਰਹੇ ਸਨ। ਟਰੱਕ ਮਿੱਟੀ ਨਾਲ ਭਰ ਕੇ ਜਗਾਧਰੀ ਵੱਲ ਜਾ ਰਿਹਾ ਸੀ। ਦੋਵਾਂ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ 'ਚ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਗੰਭੀਰ ਜ਼ਖਮੀ ਹੋ ਗਿਆ। ਬਾਈਕ ਨੂੰ ਟਰੱਕ ਦੇ ਹੇਠੋਂ ਬਾਹਰ ਕੱਢਣ ਲਈ ਕਰੇਨ ਦੀ ਮਦਦ ਲੈਣੀ ਪਈ। ਬਾਈਕ ਨੂੰ ਕਰੇਨ ਦੀ ਮਦਦ ਨਾਲ ਬਿਲਾਸਪੁਰ ਥਾਣੇ ਲਿਜਾਇਆ ਗਿਆ। ਫਿਲਹਾਲ ਪੁਲਸ ਜੋੜੇ ਦੀ ਪਛਾਣ ਕਰਨ 'ਚ ਲੱਗੀ ਹੋਈ ਹੈ, ਜਦਕਿ ਦੂਜੇ ਪਾਸੇ ਟਰੱਕ ਦੇ ਮਾਲਕ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।