ਨਸ਼ੇ ''ਚ ਕਾਰ ਡਰਾਈਵਰ ਨੇ 4 ਵਿਅਕਤੀਆਂ ਨੂੰ ਦਰੜਿਆ

06/22/2019 1:51:51 AM

ਨਵੀਂ ਦਿੱਲੀ: ਹਜ਼ਰਤ ਨਿਜ਼ਾਮੁਦੀਨ ਇਲਾਕੇ 'ਚ ਸ਼ੁੱਕਰਵਾਰ ਨਸ਼ੇ ਤੇ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਜਿਥੇ ਨਸ਼ੇ 'ਚ ਧੁੱਤ ਇਕ ਕਾਰ ਡਰਾਈਵਰ ਨੇ ਡਿਵਾਈਡਰ 'ਤੇ ਸੁੱਤੇ 4 ਵਿਅਕਤੀਆਂ ਨੂੰ ਦਰੜ ਦਿੱਤਾ। ਇਸ ਦੌਰਾਨ ਗੰਭੀਰ ਰੂਪ 'ਚ ਜ਼ਖ਼ਮੀ 23 ਸਾਲਾ ਆਰਿਫ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ। ਓਧਰ ਇਸ ਹਾਦਸੇ 'ਚ ਜ਼ਖ਼ਮੀ 3 ਹੋਰ ਵਿਅਕਤੀਆਂ ਦੀ ਸਥਿਤੀ ਵੀ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਦਾ ਏਮਸ ਟਰਾਮਾ ਸੈਂਟਰ 'ਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਮੁਲਜ਼ਮ ਜਨਕਪੁਰੀ ਨਿਵਾਸੀ ਕਾਰ ਡਰਾਈਵਰ 36 ਸਾਲਾ ਅਭਿਸ਼ੇਕ ਦੱਤ ਦੀ ਹਾਂਡਾ ਸਿਟੀ ਕਾਰ ਨੂੰ ਜ਼ਬਤ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਕੇ ਮੁਕੱਦਮਾ ਦਰਜ ਕਰ ਕੇ ਜੇਲ ਭੇਜ ਦਿੱਤਾ ਹੈ। ਮੁਲਜ਼ਮ ਯੂਨੀਵਰਸਿਟੀ ਆਫ ਬਰਮਿੰਘਮ ਯੂਨਾਈਟਿਡ ਕਿੰਗਡਮ ਦੇ ਸਾਊਥ ਈਸਟ ਏਸ਼ੀਆ ਜ਼ੋਨ ਦਾ ਕੰਟਰੀ ਮੈਨੇਜਰ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਤੜਕੇ ਸਾਢੇ 3 ਵਜੇ ਨੀਲਾਗੁੰਬਦ ਨੇੜੇ ਹੋਇਆ। ਜਿਥੇ ਗਰਮੀ ਕਾਰਨ ਲੋਕ ਡਿਵਾਈਡਰ 'ਤੇ ਸੁੱਤੇ ਪਏ ਸੀ। ਉਨ੍ਹਾਂ ਦੱਸਿਆ ਕਿ ਇਹ ਸਾਰੇ ਲੋਕ ਆਸ-ਪਾਸ ਦੇ ਇਲਾਕਿਆਂ ਵਿਚ ਕੰਮ ਕਰਦੇ ਸਨ ਅਤੇ ਰਾਤ ਨੂੰ ਗੋਬਿੰਦ ਦੇ ਕੋਲ ਬਣੇ ਡਿਵਾਈਡਰ 'ਤੇ ਸੌਂ ਜਾਂਦੇ ਸੀ। ਮੁਲਜ਼ਮ ਅਭਿਸ਼ੇਕ ਆਪਣੇ ਪਰਿਵਾਰ ਨਾਲ ਪੰਖਾ ਰੋਡ ਜਨਕਪੁਰੀ ਵਿਚ ਰਹਿੰਦਾ ਹੈ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੇਰ ਰਾਤ ਇਕ ਪਾਰਟੀ ਵਿਚੋਂ ਆਪਣੇ ਘਰ ਨੂੰ ਵਾਪਸ ਪਰਤ ਰਿਹਾ ਸੀ। ਤੇਜ਼ ਰਫਤਾਰ ਕਾਰ ਦਾ ਟਾਇਰ ਫਟਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ। ਨਸ਼ੇ ਵਿਚ ਹੋਣ ਕਾਰਨ ਅਭਿਸ਼ੇਕ ਕਾਰ 'ਤੇ ਕੰਟਰੋਲ ਨਾ ਕਰ ਸਕਿਆ।


Related News