ਆਪਣੇ ਹੀ ਦੇਸ਼ ਤੋਂ ਮੂੰਹ ਮੋੜਨ ਲੱਗੇ ਅਮੀਰ ! ਮੁਲਕ ਛੱਡਣ ਦੀ ਤਿਆਰੀ ''ਚ 1.65 ਲੱਖ ਕਰੋੜਪਤੀ
Thursday, Jun 18, 2026 - 10:42 AM (IST)
ਨੈਸ਼ਨਲ ਡੈਸਕ- ਇਕ ਪਾਸੇ ਮਿਡਲ ਈਸਟ ਜੰਗ ਦੌਰਾਨ ਦੁਬਈ 'ਤੇ ਹੋਏ ਹਮਲਿਆਂ ਕਾਰਨ ਉੱਥੋਂ ਦੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਹੋ ਗਏ ਸਨ, ਦੂਜੇ ਪਾਸੇ ਹਮਲਿਆਂ ਦੇ ਬਾਵਜੂਦ ਵੀ ਦੁਬਈ ਅਮੀਰ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਸੇ ਦੌਰਾਨ ਇਕ ਰਿਪੋਰਟ ਸਾਹਮਣੇ ਆਈ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਇਸ ਸਾਲ ਦੁਨੀਆ ਭਰ 'ਚ ਰਿਕਾਰਡ 1.65 ਲੱਖ ਕਰੋੜਪਤੀ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿੱਚ ਜਾ ਕੇ ਵਸਣ ਦੀ ਯੋਜਨਾ ਬਣਾ ਰਹੇ ਹਨ। ਪਿਛਲੇ ਸਾਲਾਂ ਦੇ ਮੁਕਾਬਲੇ ਇਹ ਅੰਕੜਾ ਬਹੁਤ ਵੱਡਾ ਹੈ। ਇਸ ਤੋਂ ਪਹਿਲਾਂ ਸਾਲ 2025 'ਚ 1.42 ਲੱਖ, 2024 'ਚ 1.34 ਲੱਖ ਅਤੇ 2013 ਵਿੱਚ ਸਿਰਫ਼ 51 ਹਜ਼ਾਰ ਕਰੋੜਪਤੀਆਂ ਨੇ ਆਪਣਾ ਦੇਸ਼ ਛੱਡਿਆ ਸੀ।
ਰਿਪੋਰਟ ਮੁਤਾਬਕ, ਅਮੀਰ ਪਰਿਵਾਰ ਹੁਣ ਸਿਰਫ਼ ਟੈਕਸ ਛੋਟ ਲਈ ਨਹੀਂ, ਬਲਕਿ ਸਥਿਰਤਾ, ਸੁਰੱਖਿਆ, ਬਿਹਤਰ ਨਿਵੇਸ਼ ਅਤੇ ਬੱਚਿਆਂ ਦੀ ਚੰਗੀ ਸਿੱਖਿਆ ਲਈ ਦੂਜੇ ਦੇਸ਼ਾਂ ਦਾ ਰੁਖ਼ ਕਰ ਰਹੇ ਹਨ। ਇਸ ਲਿਸਟ 'ਚ ਸੰਯੁਕਤ ਅਰਬ ਅਮੀਰਾਤ (UAE) 85.3 ਦੇ ਸਭ ਤੋਂ ਵੱਧ ਸਕੋਰ ਨਾਲ ਦੁਨੀਆ ਦਾ ਸਭ ਤੋਂ ਪਸੰਦੀਦਾ 'ਵੈਲਥ ਹਬ' ਬਣ ਕੇ ਉੱਭਰਿਆ ਹੈ, ਜਦਕਿ ਸਿੰਗਾਪੁਰ 79.5 ਤੇ ਕੇਮੈਨ 74.3 ਦੀ ਰੇਟਿੰਗ ਨਾਲ ਦੂਜੇ ਤੇ ਤੀਜੇ ਸਥਾਨ 'ਤੇ ਕਾਬਜ਼ ਹਨ।
ਇਹ ਵੀ ਪੜ੍ਹੋ- ਇਰਾਨ ਦੇ ਹੱਥ ਲੱਗਾ ਪਰਮਾਣੂ ਬੰਬ ਤੋਂ ਵੀ 'ਵੱਡਾ ਹਥਿਆਰ' ! ਉਂਗਲਾਂ 'ਤੇ ਨਚਾ ਸਕਦੈ ਪੂਰੀ ਦੁਨੀਆ
ਇਸ ਵੈਲਥ ਮੋਬਿਲਿਟੀ ਸੂਚੀ 'ਚ ਭਾਰਤ ਦਾ ਸਕੋਰ 56.5 ਹੈ। ਭਾਰਤ ਨੂੰ ਚੁਣੌਤੀਆਂ ਵਾਲੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਜਿਸ ਦਾ ਮੁੱਖ ਕਾਰਨ ਦੇਸ਼ ਦੀ ਜ਼ਿਆਦਾਤਰ ਪੂੰਜੀ 'ਤੇ ਗਿਣੇ-ਚੁਣੇ ਲੋਕਾਂ ਦਾ ਕੰਟਰੋਲ ਹੋਣਾ ਅਤੇ ਟੈਕਸ ਦੇ ਗੁੰਝਲਦਾਰ ਨਿਯਮ ਹਨ। ਅਮੀਰ ਭਾਰਤੀ ਪਰਿਵਾਰ ਹੁਣ ਆਪਣੇ ਕਾਰੋਬਾਰ ਦੇ ਵਿਸਥਾਰ, ਬੱਚਿਆਂ ਦੀ ਪੜ੍ਹਾਈ, ਟੈਕਸ ਸਟ੍ਰਕਚਰਿੰਗ ਅਤੇ ਐਸਟੇਟ ਪਲੈਨਿੰਗ ਦੇ ਤਹਿਤ ਦੂਜੇ ਦੇਸ਼ਾਂ ਦੀ ਨਾਗਰਿਕਤਾ ਹਾਸਲ ਕਰਨ ਜਾਂ ਉੱਥੇ ਰਹਿਣ ਨੂੰ ਪਹਿਲ ਦੇ ਰਹੇ ਹਨ।
ਹੈਰਾਨੀ ਦੀ ਗੱਲ ਹੈ ਕਿ ਅਮਰੀਕਾ ਦਾ ਵੈਲਥ ਮੋਬਿਲਿਟੀ ਸਕੋਰ ਸਿਰਫ਼ 62.3 ਹੈ ਅਤੇ ਇੱਥੋਂ ਦੇ ਅਮੀਰ ਪਰਿਵਾਰ ਸਭ ਤੋਂ ਵੱਧ ਦੂਜੇ ਦੇਸ਼ਾਂ ਦੀ ਨਾਗਰਿਕਤਾ ਮੰਗ ਰਹੇ ਹਨ। ਅਮਰੀਕਾ ਤੋਂ ਦੇਸ਼ ਛੱਡਣ ਵਾਲਿਆਂ ਦੀਆਂ ਅਰਜ਼ੀਆਂ 2025 'ਚ ਦੁੱਗਣੀਆਂ ਹੋਈਆਂ ਸਨ, ਤੇ ਇਹ ਰਫ਼ਤਾਰ 2026 ਵਿੱਚ ਵੀ ਬਰਕਰਾਰ ਹੈ। ਇਨ੍ਹਾਂ 'ਚੋਂ ਅੱਧੇ ਅਮੀਰ ਯੂਰਪ ਅਤੇ ਇੱਕ ਚੌਥਾਈ ਤੋਂ ਵੱਧ ਦੱਖਣੀ ਅਮਰੀਕੀ-ਕੈਰੇਬੀਅਨ ਦੇਸ਼ਾਂ ਦਾ ਰੁਖ਼ ਕਰ ਰਹੇ ਹਨ।
ਇਸ ਤੋਂ ਇਲਾਵਾ ਬ੍ਰਿਟੇਨ ਤੋਂ ਵੀ ਅਮੀਰਾਂ ਦਾ ਪਲਾਇਨ ਲਗਾਤਾਰ ਵਧ ਰਿਹਾ ਹੈ। 2018 'ਚ ਬ੍ਰਿਟੇਨ ਅਮੀਰਾਂ ਦੇ ਦੇਸ਼ ਛੱਡਣ ਦੇ ਮਾਮਲੇ ਵਿੱਚ 20ਵੇਂ ਸਥਾਨ 'ਤੇ ਸੀ, ਪਰ ਹੁਣ ਇਹ ਦੁਨੀਆ ਦੇ ਟੌਪ 5 ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ। ਖ਼ਾਸ ਗੱਲ ਇਹ ਹੈ ਕਿ 2026 'ਚ ਬ੍ਰਿਟੇਨ ਤੋਂ ਦੇਸ਼ ਛੱਡਣ ਦੀਆਂ ਅਰਜ਼ੀਆਂ ਦੇਣ ਵਾਲਿਆਂ 'ਚੋਂ 53 ਫ਼ੀਸਦੀ ਵਿਦੇਸ਼ੀ ਨਾਗਰਿਕ ਹਨ।
ਇਹ ਵੀ ਪੜ੍ਹੋ- ਇਕ ਜੰਗ ਖ਼ਤਮ, ਦੂਜੀ ਤਿਆਰ ! ਹੁਣ ਚੀਨ ਨੇ ਖਿੱਚੀ ਤਿਆਰੀ, ਭੇਜ'ਤੇ ਜੰਗੀ ਜਹਾਜ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
