RG ਕਰ ਘਟਨਾ: 42 ਦਿਨਾਂ ਬਾਅਦ ਜੂਨੀਅਰ ਡਾਕਟਰਾਂ ਨੇ ਕੰਮ ਕੀਤਾ ਸ਼ੁਰੂ

Saturday, Sep 21, 2024 - 10:11 AM (IST)

RG ਕਰ ਘਟਨਾ: 42 ਦਿਨਾਂ ਬਾਅਦ ਜੂਨੀਅਰ ਡਾਕਟਰਾਂ ਨੇ ਕੰਮ ਕੀਤਾ ਸ਼ੁਰੂ

ਕੋਲਕਾਤਾ- ਪੱਛਮੀ ਬੰਗਾਲ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ 'ਚ ਜੂਨੀਅਰ ਡਾਕਟਰਾਂ ਨੇ 42 ਦਿਨਾਂ ਬਾਅਦ ਸ਼ਨੀਵਾਰ ਸਵੇਰੇ ਅੰਸ਼ਿਕ ਤੌਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਆਰ. ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਡਿਊਟੀ ’ਤੇ ਮੌਜੂਦ ਇਕ ਮਹਿਲਾ ਡਾਕਟਰ ਨਾਲ ਜਬਰ-ਜ਼ਿਨਾਹ ਅਤੇ ਕਤਲ ਦੀ ਘਟਨਾ ਦੇ ਵਿਰੋਧ 'ਚ ਜੂਨੀਅਰ ਡਾਕਟਰਾਂ ਨੇ ਕੰਮ ਬੰਦ ਕਰ ਦਿੱਤਾ ਸੀ। ਜੂਨੀਅਰ ਡਾਕਟਰਾਂ ਨੇ ਸਾਰੇ ਸਰਕਾਰੀ ਹਸਪਤਾਲਾਂ 'ਚ ਜ਼ਰੂਰੀ ਅਤੇ ਐਮਰਜੈਂਸੀ ਸੇਵਾਵਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਉਨ੍ਹਾਂ ਨੇ ਅਜੇ ਵੀ ਓ. ਪੀ. ਡੀ ਵਿਚ ਕੰਮ ਕਰਨਾ ਸ਼ੁਰੂ ਨਹੀਂ ਕੀਤਾ ਹੈ।

ਪ੍ਰਦਰਸ਼ਨ ਕਰ ਰਹੇ ਡਾਕਟਰਾਂ 'ਚ ਸ਼ਾਮਲ ਅਨਿਕੇਤ ਮਹਤੋ ਨੇ ਦੱਸਿਆ ਕਿ ਅਸੀਂ ਅੱਜ ਤੋਂ ਕੰਮ ’ਤੇ ਪਰਤਣਾ ਸ਼ੁਰੂ ਕਰ ਦਿੱਤਾ ਹੈ। ਸਾਡੇ ਸਾਥੀਆਂ ਨੇ ਅੱਜ ਸਵੇਰ ਤੋਂ ਹੀ ਜ਼ਰੂਰੀ ਅਤੇ ਐਮਰਜੈਂਸੀ ਸੇਵਾਵਾਂ 'ਚ ਆਪਣੇ-ਆਪਣੇ ਵਿਭਾਗਾਂ 'ਚ ਕੰਮ ’ਤੇ ਪਰਤਣਾ ਸ਼ੁਰੂ ਕਰ ਦਿੱਤਾ ਹੈ ਪਰ ਓ. ਪੀ. ਡੀ 'ਚ ਕੰਮ ਸ਼ੁਰੂ ਨਹੀਂ ਕੀਤਾ ਗਿਆ ਹੈ। ਕਿਰਪਾ ਕਰਕੇ ਇਹ ਨਾ ਭੁੱਲੋ ਕਿ ਡਾਕਟਰ ਸਿਰਫ ਅੰਸ਼ਿਕ ਤੌਰ 'ਤੇ ਕੰਮ 'ਤੇ ਪਰਤ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹੋਰ ਸਾਥੀ ਪਹਿਲਾਂ ਹੀ ਸੂਬੇ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਲਈ ਰਵਾਨਾ ਹੋ ਚੁੱਕੇ ਹਨ, ਜਿੱਥੇ ਉਹ ਵਿਰੋਧ ਪ੍ਰਦਰਸ਼ਨਾਂ ਦੌਰਾਨ ਵੀ ਲੋਕਾਂ ਦੀ ਸਿਹਤ ਦਾ ਧਿਆਨ ਰੱਖ ਰਹੇ ਹਨ।

ਧਰਨਾਕਾਰੀ ਡਾਕਟਰਾਂ ਨੇ ਕਿਹਾ ਕਿ ਉਹ ਪ੍ਰਸ਼ਾਸਨ ਵੱਲੋਂ ਇਸ ਘਟਨਾ 'ਚ ਇਨਸਾਫ਼ ਦਿਵਾਉਣ ਲਈ ਅਗਲੇ ਸੱਤ ਦਿਨਾਂ ਤੱਕ ਉਡੀਕ ਕਰਨਗੇ ਅਤੇ ਸੂਬੇ ਦੇ ਸਿਹਤ ਸਕੱਤਰ ਨੂੰ ਹਟਾਉਣ ਦੀਆਂ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ, ਨਹੀਂ ਤਾਂ ਉਹ ਮੁੜ ਹੜਤਾਲ ਕਰਨਗੇ। ਆਰ. ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ 'ਚ 9 ਅਗਸਤ ਨੂੰ ਇਕ ਮਹਿਲਾ ਡਾਕਟਰ ਦੀ ਲਾਸ਼ ਮਿਲੀ ਸੀ। ਉਦੋਂ ਤੋਂ ਹੀ ਇਹ ਡਾਕਟਰ ਵਿਰੋਧ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਇਸ ਘਟਨਾ 'ਚ ਜਾਨ ਗਵਾਉਣ ਵਾਲੀ ਮਹਿਲਾ ਡਾਕਟਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਇਸ ਮਾਮਲੇ ਵਿਚ ਅਹਿਮ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਕੀਤੀ ਹੈ। ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਮਾਮਲੇ ਦੀ ਜਾਂਚ ਦੇ ਸਬੰਧ ਵਿਚ ਆਰ. ਜੀ. ਕਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸਮੇਤ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।


author

Tanu

Content Editor

Related News