ਰਿਟਾਇਰਡ ਵਿਗਿਆਨੀ ਤੇ ਪਤਨੀ ਨੂੰ ''ਕੋਰੀਅਰ ਬੁਆਏਜ਼'' ਨੇ ਬਣਾਇਆ ਬੰਧਕ, 2 ਕਰੋੜ ਦੇ ਗਹਿਣੇ ਤੇ ਨਕਦੀ ਲੁੱਟੀ

Sunday, Oct 20, 2024 - 12:44 AM (IST)

ਨਵੀਂ ਦਿੱਲੀ : ਰਾਜਧਾਨੀ ਦਿੱਲੀ 'ਚ ਰੋਹਿਣੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ 'ਚ ਇਕ ਸੇਵਾਮੁਕਤ ਵਿਗਿਆਨੀ ਅਤੇ ਉਸ ਦੀ ਪਤਨੀ ਨੂੰ ਬੰਦੂਕ ਦੀ ਨੋਕ 'ਤੇ ਬੰਧਕ ਬਣਾ ਕੇ ਕਰੀਬ 2 ਕਰੋੜ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਪ੍ਰਸ਼ਾਂਤ ਵਿਹਾਰ ਦੇ ਐੱਫ ਬਲਾਕ ਵਿਚ ਵਾਪਰੀ ਜਿੱਥੇ ਸ਼ਿਬੂ ਸਿੰਘ ਆਪਣੀ ਪਤਨੀ ਨਿਰਮਲਾ ਨਾਲ ਰਹਿੰਦਾ ਹੈ। ਉਸ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਜਦੋਂ ਬਜ਼ੁਰਗ ਜੋੜਾ ਆਪਣੇ ਘਰ 'ਚ ਮੌਜੂਦ ਸੀ ਤਾਂ ਦੋ ਵਿਅਕਤੀ ਆਪਣੇ ਆਪ ਨੂੰ 'ਕੋਰੀਅਰ ਬੁਆਏ' ਦੱਸਦੇ ਹੋਏ ਘਰ 'ਚ ਦਾਖਲ ਹੋਏ।

ਅਧਿਕਾਰੀ ਨੇ ਦੱਸਿਆ ਕਿ ਘਰ 'ਚ ਦਾਖਲ ਹੋ ਕੇ ਉਨ੍ਹਾਂ ਨੇ ਬੰਦੂਕ ਦੀ ਨੋਕ 'ਤੇ ਸ਼ਿਬੂ ਅਤੇ ਉਸ ਦੀ ਪਤਨੀ ਨਿਰਮਲਾ ਨੂੰ ਬੰਧਕ ਬਣਾ ਲਿਆ। ਉਸ ਨੇ ਦੱਸਿਆ ਕਿ ਜਦੋਂ ਸਿੰਘ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ। ਸਿੰਘ ਨੇ ਪੁਲਸ ਨੂੰ ਦੱਸਿਆ ਕਿ ਮੁਲਜ਼ਮ ਉਸ ਦੇ ਘਰੋਂ 2 ਕਰੋੜ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਸੇਵਾਮੁਕਤ ਵਿਗਿਆਨੀ ਨੇ ਇਸ ਘਟਨਾ ਦੀ ਜਾਣਕਾਰੀ ਆਪਣੇ ਬੇਟੇ ਨੂੰ ਦਿੱਤੀ, ਜੋ ਕਿ ਦਿੱਲੀ ਵਿਚ ਹੀ ਵੱਖਰਾ ਰਹਿੰਦਾ ਹੈ। ਅਧਿਕਾਰੀ ਨੇ ਦੱਸਿਆ ਕਿ ਦੁਪਹਿਰ 2:30 ਵਜੇ ਸਿੰਘ ਦੇ ਬੇਟੇ ਨੇ ਪੀਸੀਆਰ ਕਾਲ ਕੀਤੀ ਅਤੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ।

ਇਹ ਵੀ ਪੜ੍ਹੋ : ਆਉਣ ਵਾਲੇ ਸਮੇਂ 'ਚ ਭਾਰਤ ਦੀਆਂ ਸੜਕਾਂ ਅਮਰੀਕਾ ਤੋਂ ਬਿਹਤਰ ਹੋਣਗੀਆਂ : ਗਡਕਰੀ

ਇਕ ਸੀਨੀਅਰ ਪੁਲਸ ਅਧਿਕਾਰੀ ਮੁਤਾਬਕ ਇਕ ਟੀਮ ਨੇ ਘਰ ਪਹੁੰਚ ਕੇ ਮੌਕੇ ਤੋਂ ਸਬੂਤ ਇਕੱਠੇ ਕੀਤੇ। ਉਨ੍ਹਾਂ ਦੱਸਿਆ ਕਿ ਦੋਵਾਂ ਪੀੜਤਾਂ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਗ੍ਰਿਫ਼ਤਾਰ ਕਰਨ ਲਈ 6 ਪੁਲਸ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਇਹ ਘਟਨਾ ਵਾਪਰੀ, ਪੁਲਸ ਨੂੰ ਇਸ ਵਿਚ ਕਿਸੇ ਅੰਦਰੂਨੀ ਵਿਅਕਤੀ ਜਾਂ ਪਰਿਵਾਰ ਦੇ ਮੈਂਬਰਾਂ ਦੇ ਕਿਸੇ ਜਾਣ-ਪਛਾਣ ਦੇ ਵਿਅਕਤੀ ਦੀ ਭੂਮਿਕਾ ਹੋਣ ਦਾ ਸ਼ੱਕ ਹੈ। ਪੁਲਸ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਇਕੱਠੀ ਕਰ ਲਈ ਗਈ ਹੈ ਅਤੇ ਗੁਆਂਢੀਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Sandeep Kumar

Content Editor

Related News