ਖੁਦਰਾ ਮਹਿੰਗਾਈ ਹੋਈ ਘੱਟ, 3.61 ਫ਼ੀਸਦੀ ''ਤੇ ਆਈ
Thursday, Mar 13, 2025 - 03:30 PM (IST)

ਨਵੀਂ ਦਿੱਲੀ- ਦੇਸ਼ 'ਚ ਆਮ ਲੋਕਾਂ ਲਈ ਥੋੜ੍ਹੀ ਰਾਹਤ ਦੀ ਖ਼ਬਰ ਹੈ। ਸਰਕਾਰ ਨੇ ਦੱਸਿਆ ਕਿ ਫਰਵਰੀ ਵਿਚ ਭਾਰਤ ਦੀ ਮਹਿੰਗਾਈ ਦਰ ਘੱਟ ਕੇ 3.61 ਫ਼ੀਸਦੀ ਰਹਿ ਗਈ। ਇਹ ਸੱਤ ਮਹੀਨੇ ਦਾ ਸਭ ਤੋਂ ਹੇਠਲਾ ਪੱਧਰ ਹੈ। ਜਨਵਰੀ ਵਿਚ ਇਹ ਦਰ 4.31 ਫ਼ੀਸਦੀ ਸੀ। ਇਕ ਸਰਵੇ 'ਚ ਅਨੁਮਾਨ ਲਾਇਆ ਗਿਆ ਸੀ ਕਿ ਫਰਵਰੀ ਵਿਚ ਮਹਿੰਗਾਈ ਦਰ 3.98 ਫ਼ੀਸਦੀ ਰਹੇਗੀ। ਮਹਿੰਗਾਈ ਵਿਚ ਕਮੀ ਦਾ ਮੁੱਖ ਕਾਰਨ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਗਿਰਾਵਟ ਹੈ।
ਕੰਜਿਊਮਰ ਪ੍ਰਾਈਸ ਇੰਡੈਕਸ (CPI) 'ਚ ਖਾਣ-ਪੀਣ ਦੀਆਂ ਚੀਜ਼ਾ ਦਾ ਹਿੱਸਾ ਲੱਗਭਗ ਅੱਧਾ ਹੁੰਦਾ ਹੈ। ਫਰਵਰੀ ਵਿਚ ਖੁਰਾਕ ਮੁਦਰਾਸਫੀਤੀ ਘੱਟ ਕੇ 3.75 ਫ਼ੀਸਦੀ ਰਹਿ ਗਈ, ਜੋ ਜਨਵਰੀ ਵਿਚ 5.97 ਫ਼ੀਸਦੀ ਸੀ। ਖ਼ਬਰ ਮੁਤਾਬਕ ਉਪਭੋਗਤਾ ਮੁੱਲ ਸੂਚਕਾਂਕ ਆਧਾਰਿਤ ਖੁਦਰਾ ਮੁਦਰਾਸਫੀਤੀ ਜਨਵਰੀ ਵਿਚ 4.26 ਫ਼ੀਸਦੀ ਅਤੇ ਫਰਵਰੀ 2024 ਵਿਚ 5.09 ਫ਼ੀਸਦੀ ਸੀ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਫਰਵਰੀ 2025 ਲਈ ਸਾਲ-ਦਰ-ਸਾਲ ਮੁਦਰਾਸਫੀਤੀ ਦਰ 3.75 ਫ਼ੀਸਦੀ ਸੀ। ਜਨਵਰੀ 2025 ਦੀ ਤੁਲਨਾ ਵਿਚ ਫ਼ਰਵਰੀ 2025 ਵਿਚ ਖੁਰਾਕ ਮੁਦਰਾਸਫੀਤੀ ਵਿਚ 222 ਆਧਾਰ ਅੰਕਾਂ ਦੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ।
RBI ਦੀ ਮੁਦਰਾ ਨੀਤੀ ਕਮੇਟੀ (MPC) ਨੇ ਫਰਵਰੀ ਵਿਚ ਕਿਹਾ ਸੀ ਕਿ ਖੁਰਾਕੀ ਵਸਤਾਂ ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਮਹਿੰਗਾਈ ਦਰ 'ਚ ਕਮੀ ਆਈ ਹੈ। ਉਨ੍ਹਾਂ ਦਾ ਅਨੁਮਾਨ ਹੈ ਕਿ ਵਿੱਤੀ ਸਾਲ 2025-26 'ਚ ਮਹਿੰਗਾਈ ਹੋਰ ਘਟੇਗੀ, ਜਿਸ ਨਾਲ ਆਮ ਲੋਕਾਂ ਨੂੰ ਰਾਹਤ ਮਿਲੇਗੀ। RBI ਦਾ ਕੰਮ ਮਹਿੰਗਾਈ ਦਰ ਨੂੰ 2 ਤੋਂ 6 ਫੀਸਦੀ ਦੇ ਵਿਚਕਾਰ ਰੱਖਣਾ ਹੈ।