ਰੈਪੋ ਰੇਟ 5.50 ਫ਼ੀਸਦੀ ਤੱਕ ਘਟਾ ਸਕਦਾ ਹੈ RBI, 6 ਫੀਸਦੀ ਰਹਿ ਸਕਦਾ ਹੈ GDP ਵਾਧਾ : ਨੋਮੁਰਾ
Tuesday, Mar 04, 2025 - 12:00 PM (IST)

ਨਵੀਂ ਦਿੱਲੀ (ਇੰਟ.) - ਗਲੋਬਲ ਬ੍ਰੋਕਰੇਜ ਫਰਮ ਨੋਮੁਰਾ ਨੇ ਭਾਰਤ ਦੀ ਅਰਥਵਿਵਸਥਾ ਨੂੰ ਲੈ ਕੇ ਇਕ ਰਿਪੋਰਟ ਜਾਰੀ ਕੀਤੀ ਹੈ, ਜਿਸ ’ਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2026 ’ਚ ਜੀ. ਡੀ. ਪੀ. ਵਾਧਾ ਦਰ 6 ਫ਼ੀਸਦੀ ਰਹਿ ਸਕਦੀ ਹੈ। ਇਹ ਬਾਜ਼ਾਰ ਦੇ ਅੰਦਾਜ਼ੇ ਤੋਂ ਘੱਟ ਹੈ। ਰਿਪੋਰਟ ਅਨੁਸਾਰ ਅਕਤੂਬਰ-ਦਸੰਬਰ 2024 ’ਚ ਜੀ. ਡੀ. ਪੀ. ਵਾਧਾ 6.2 ਫ਼ੀਸਦੀ ਰਿਹਾ, ਜੋ ਕਿ ਪਿਛਲੀ ਤਿਮਾਹੀ ਦੇ 5.6 ਫੀਸਦੀ ਤੋਂ ਜ਼ਿਆਦਾ ਹੈ। ਹਾਲਾਂਕਿ, ਇਹ ਵਾਧਾ ਮੁੱਖ ਤੌਰ ’ਤੇ ਸਰਕਾਰ ਦੇ ਖਰਚੇ ਅਤੇ ਦਰਾਮਦ ’ਚ ਗਿਰਾਵਟ ਦੀ ਵਜ੍ਹਾ ਨਾਲ ਹੋਇਆ, ਜਦੋਂ ਕਿ ਆਮ ਜਨਤਾ ਦੀ ਖਰੀਦਦਾਰੀ ਅਤੇ ਪ੍ਰਾਈਵੇਟ ਕੰਪਨੀਆਂ ਦਾ ਨਿਵੇਸ਼ ਕਮਜ਼ੋਰ ਰਿਹਾ।
ਇਹ ਵੀ ਪੜ੍ਹੋ : ਜਾਣੋ 15 ਸਾਲ ਪੁਰਾਣੇ ਵਾਹਨਾਂ ਲਈ ਕੀ ਹੈ ਪਾਲਸੀ ਤੇ ਕੀ ਕਰਨਾ ਚਾਹੀਦੈ ਵਾਹਨਾਂ ਦੇ ਮਾਲਕਾਂ ਨੂੰ
ਉੱਥੇ ਹੀ, ਨੋਮੁਰਾ ਦਾ ਮੰਨਣਾ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਸਾਲ 2025 ਦੇ ਅੰਤ ਤੱਕ ਵਿਆਜ ਦਰਾਂ ’ਚ 0.75 ਫ਼ੀਸਦੀ (75 ਆਧਾਰ ਅੰਕ) ਦੀ ਕਟੌਤੀ ਕਰ ਸਕਦਾ ਹੈ, ਜਿਸ ਨਾਲ ਰੈਪੋ ਰੇਟ 5.50 ਫ਼ੀਸਦੀ ਤੱਕ ਆ ਸਕਦਾ ਹੈ। ਇਹ ਬਾਜ਼ਾਰ ਦੇ ਅੰਦਾਜ਼ੇ (0.25–0.50 ਫ਼ੀਸਦੀ) ਤੋਂ ਜ਼ਿਆਦਾ ਹੈ। ਵਿਆਜ ਦਰਾਂ ’ਚ ਕਟੌਤੀ ਹੋਣ ਨਾਲ ਕਰਜ਼ੇ ਸਸਤੇ ਹੋ ਸਕਦੇ ਹਨ, ਜਿਸ ਨਾਲ ਕਾਰੋਬਾਰੀਆਂ ਅਤੇ ਆਮ ਜਨਤਾ ਨੂੰ ਰਾਹਤ ਮਿਲੇਗੀ।
ਸਰਕਾਰ ਦੇ ਅੰਕੜੇ ਦੱਸ ਰਹੇ ਹਨ ਕਿ ਜਨਵਰੀ-ਮਾਰਚ 2025 ’ਚ ਜੀ. ਡੀ. ਪੀ. ਵਾਧਾ 7.6 ਫ਼ੀਸਦੀ ਤੱਕ ਜਾ ਸਕਦਾ ਹੈ ਪਰ ਨੋਮੁਰਾ ਦਾ ਮੰਨਣਾ ਹੈ ਕਿ ਇਹ ਜ਼ਿਆਦਾ ਉਮੀਦ ਲਾਈ ਜਾ ਰਹੀ ਹੈ। ਉਨ੍ਹਾਂ ਮੁਤਾਬਕ ਵਾਧਾ 6.5 ਫ਼ੀਸਦੀ ਦੇ ਆਸ-ਪਾਸ ਹੀ ਰਹਿ ਸਕਦਾ ਹੈ। ਇਸ ਨਾਲ ਵਿੱਤੀ ਸਾਲ 2024-25 ਲਈ ਨੋਮੁਰਾ ਨੇ ਆਪਣੇ ਪੁਰਾਣੇ ਅੰਦਾਜ਼ੇ ਨੂੰ 6 ਤੋਂ ਵਧਾ ਕੇ 6.2 ਫ਼ੀਸਦੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ : 3 ਮਹੀਨਿਆਂ 'ਚ ਸੋਨੇ ਦੀ ਕੀਮਤ 'ਚ ਆਈ ਸਭ ਤੋਂ ਵੱਡੀ ਗਿਰਾਵਟ, ਜਾਣੋ ਕਿੰਨੀ ਚੜ੍ਹੇਗੀ ਕੀਮਤ
ਅਰਥਵਿਵਸਥਾ ’ਚ ਸੁਸਤੀ ਦੇ ਸੰਕੇਤ
ਨੋਮੁਰਾ ਦੀ ਰਿਪੋਰਟ ਦੱਸਦੀ ਹੈ ਕਿ ਭਾਰਤ ਦੀ ਅਰਥਵਿਵਸਥਾ ’ਚ ਸੁਸਤੀ ਅਜੇ ਵੀ ਬਣੀ ਹੋਈ ਹੈ। ਲੋਕ ਜ਼ਿਆਦਾ ਖਰਚਾ ਨਹੀਂ ਕਰ ਰਹੇ ਹਨ, ਕੰਪਨੀਆਂ ਦੀ ਵਿਕਰੀ ਕਮਜ਼ੋਰ ਹੋ ਰਹੀ ਹੈ ਅਤੇ ਬਿਜ਼ਨੈੱਸ ਸੈਕਟਰ ’ਚ ਨਵੇਂ ਨਿਵੇਸ਼ ਵੀ ਘੱਟ ਹੋ ਗਏ ਹਨ। ਵਿਆਜ ਦਰਾਂ ਜ਼ਿਆਦਾ ਹੋਣ ਕਾਰਨ ਵੀ ਕਾਰੋਬਾਰੀਆਂ ’ਤੇ ਦਬਾਅ ਬਣਿਆ ਹੋਇਆ ਹੈ।
ਇਸ ਤੋਂ ਇਲਾਵਾ ਪੂਰੀ ਦੁਨੀਆ ’ਚ ਆਰਥਿਕ ਮਾਹੌਲ ’ਚ ਬੇਭਰੋਸਗੀ ਬਣੀ ਹੋਈ ਹੈ ਅਤੇ ਚੀਨ ਤੋਂ ਸਸਤੀ ਦਰਾਮਦ ’ਚ ਵਾਧਾ ਹੋ ਰਿਹਾ ਹੈ, ਜਿਸ ਨਾਲ ਭਾਰਤੀ ਬਾਜ਼ਾਰਾਂ ’ਤੇ ਅਸਰ ਪੈ ਸਕਦਾ ਹੈ।
ਇਹ ਵੀ ਪੜ੍ਹੋ : ਰੁਜ਼ਗਾਰ ਵਧਿਆ ਪਰ ਮਹਿੰਗਾਈ ਦੇ ਹਿਸਾਬ ਨਾਲ ਰੈਗੂਲਰ ਕਰਮਚਾਰੀਆਂ ਦੀ ਤਨਖ਼ਾਹ ਨਹੀਂ
ਚੰਗੇ ਮੀਂਹ ਅਤੇ ਘੱਟ ਮਹਿੰਗਾਈ ਨਾਲ ਪੇਂਡੂ ਇਲਾਕਿਆਂ ’ਚ ਵਧੇਗੀ ਖਰੀਦਦਾਰੀ
ਰਿਪੋਰਟ ’ਚ ਕੁਝ ਪਾਜ਼ੇਟਿਵ ਗੱਲਾਂ ਵੀ ਦੱਸੀਆਂ ਗਈਆਂ ਹਨ। ਚੰਗੇ ਮੀਂਹ ਅਤੇ ਘੱਟ ਮਹਿੰਗਾਈ ਨਾਲ ਪੇਂਡੂ ਇਲਾਕਿਆਂ ’ਚ ਖਰੀਦਦਾਰੀ ਵਧ ਸਕਦੀ ਹੈ, ਜਿਸ ਨਾਲ ਬਾਜ਼ਾਰ ’ਚ ਥੋੜ੍ਹੀ ਰੌਣਕ ਆ ਸਕਦੀ ਹੈ। ਇਸ ਤੋਂ ਇਲਾਵਾ ਸਰਕਾਰ ਹੁਣ ਅਜਿਹੀਆਂ ਨੀਤੀਆਂ ਅਪਣਾ ਰਹੀ ਹੈ, ਜੋ ਅੱਗੇ ਚੱਲ ਕੇ ਅਰਥਵਿਵਸਥਾ ਨੂੰ ਲੀਹ ’ਤੇ ਲਿਆਉਣ ’ਚ ਮਦਦ ਕਰ ਸਕਦੀਆਂ ਹਨ। ਨਾਲ ਹੀ ਚੀਨ ਤੋਂ ਹੱਟ ਕੇ ਭਾਰਤ ’ਚ ਸਪਲਾਈ ਚੇਨ ਦਾ ਸ਼ਿਫਟ ਹੋਣਾ ਅਤੇ ਸਰਵਿਸ ਐਕਸਪੋਰਟ ਵਧਣਾ ਵੀ ਵਾਧੇ ਨੂੰ ਸਹਾਰਾ ਦੇ ਸਕਦੇ ਹਨ।
ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਦਾ ਡਰ, 2500 ਅੰਕ ਹੋਰ ਡਿੱਗ ਸਕਦੈ ਨਿਫਟੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8