ਅਪ੍ਰੈਲ-ਦਸੰਬਰ ਦੌਰਾਨ ਕੋਲਾ ਦਰਾਮਦ 8.4 ਫ਼ੀਸਦੀ ਘਟੀ, 42,315 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਦੀ ਬੱਚਤ
Tuesday, Mar 11, 2025 - 09:05 PM (IST)

ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਕੋਲਾ ਦਰਾਮਦ ਚਾਲੂ ਮਾਲੀ ਸਾਲ ’ਚ ਅਪ੍ਰੈਲ-ਦਸੰਬਰ ਦੌਰਾਨ 8.4 ਫ਼ੀਸਦੀ ਘਟ ਕੇ 18.34 ਕਰੋੜ ਟਨ ਰਹੀ ਹੈ। ਇਸ ਨਾਲ ਲੱਗਭਗ 42,315 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਦੀ ਬੱਚਤ ਹੋਈ ਹੈ। ਪਿਛਲੇ ਮਾਲੀ ਸਾਲ ਦੀ ਇਸੇ ਮਿਆਦ ’ਚ ਦੇਸ਼ ਦੀ ਕੋਲਾ ਦਰਾਮਦ 20.02 ਕਰੋੜ ਟਨ ਸੀ।
ਕੋਲਾ ਮੰਤਰਾਲਾ ਨੇ ਕਿਹਾ, ‘‘ਕੋਲਾ ਦਰਾਮਦ ਚਾਲੂ ਮਾਲੀ ਸਾਲ ’ਚ ਅਪ੍ਰੈਲ ਤੋਂ ਦਸੰਬਰ ਦੌਰਾਨ 8.4 ਫ਼ੀਸਦੀ ਘਟ ਕੇ 18.34 ਕਰੋੜ ਟਨ ਰਹੀ ਹੈ, ਜਦੋਂ ਕਿ ਪਿਛਲੇ ਮਾਲੀ ਸਾਲ ਦੀ ਇਸੇ ਮਿਆਦ ’ਚ ਇਹ 20.02 ਕਰੋੜ ਟਨ ਸੀ। ਇਸ ਕਮੀ ਦੇ ਨਤੀਜੇ ਵਜੋਂ ਲੱਗਭਗ 5.43 ਅਰਬ ਡਾਲਰ (42,315 ਕਰੋੜ ਰੁਪਏ) ਦੀ ਵਿਦੇਸ਼ੀ ਕਰੰਸੀ ਦੀ ਬੱਚਤ ਹੋਈ।’’
ਬਿਜਲੀ ਖੇਤਰ ਨੂੰ ਛੱਡ ਕੇ ਨਾਨ-ਰੈਗੂਲੇਟਿਡ ਖੇਤਰ ’ਚ ਜ਼ਿਆਦਾ ਗਿਰਾਵਟ ਵੇਖੀ ਗਈ। ਇਸ ’ਚ ਦਰਾਮਦ ’ਚ ਸਾਲਾਨਾ ਆਧਾਰ ’ਤੇ 12.01 ਫ਼ੀਸਦੀ ਦੀ ਗਿਰਾਵਟ ਆਈ। ਹਾਲਾਂਕਿ, ਚਾਲੂ ਮਾਲੀ ਸਾਲ ’ਚ ਅਪ੍ਰੈਲ ਤੋਂ ਦਸੰਬਰ ਦੌਰਾਨ ਕੋਲਾ ਆਧਾਰਿਤ ਬਿਜਲੀ ਘਰਾਂ ’ਚ ਉਤਪਾਦਨ ’ਚ 3.53 ਫ਼ੀਸਦੀ ਦਾ ਵਾਧਾ ਹੋਇਆ। ਦੂਜੇ ਪਾਸੇ, ਤਾਪ ਬਿਜਲੀ ਘਰਾਂ ’ਚ ਮਿਸ਼ਰਣ ਲਈ ਦਰਾਮਦ ’ਚ 29.8 ਫ਼ੀਸਦੀ ਦੀ ਕਮੀ ਆਈ।
ਸਰਕਾਰ ਨੇ ਘਰੇਲੂ ਕੋਲਾ ਉਤਪਾਦਨ ਵਧਾਉਣ ਅਤੇ ਦਰਾਮਦ ਘੱਟ ਕਰਨ ਲਈ ਕੋਲੇ ਦੀ ਵਪਾਰਕ ਮਾਈਨਿੰਗ ਅਤੇ ਮਿਸ਼ਨ ਕੋਕਿੰਗ ਕੋਲ ਸਮੇਤ ਕਈ ਉਪਰਾਲਿਆਂ ਨੂੰ ਲਾਗੂ ਕੀਤਾ ਹੈ। ਇਨ੍ਹਾਂ ਕੋਸ਼ਿਸ਼ਾਂ ਨਾਲ ਅਪ੍ਰੈਲ-ਦਸੰਬਰ ਦੀ ਮਿਆਦ ਦੌਰਾਨ ਕੋਲਾ ਉਤਪਾਦਨ ’ਚ ਸਾਲਾਨਾ ਆਧਾਰ ’ਤੇ 6.11 ਫ਼ੀਸਦੀ ਦਾ ਵਾਧਾ ਹੋਇਆ ਹੈ।