ਜੰਮੂ-ਕਸ਼ਮੀਰ : ਕੋਵਿਡ-19 ਹਾਲਾਤ ’ਚ ਸੁਧਾਰ ਵਾਲੇ 8 ਜ਼ਿਲ੍ਹਿਆਂ ’ਚ ਪਾਬੰਦੀਆਂ ’ਚ ਛੋਟ
Monday, Jun 14, 2021 - 10:50 AM (IST)
ਜੰਮੂ- ਕੋਵਿਡ-19 ਮਹਾਮਾਰੀ ਦੇ ਹਾਲਾਤ ’ਚ ਸੁਧਾਰ ਦੇ ਮੱਦੇਨਜ਼ਰ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਐਤਵਾਰ ਨੂੰ 8 ਜ਼ਿਲ੍ਹਿਆਂ ’ਚ ਪਾਬੰਦੀਆਂ ’ਚ ਹੋਰ ਢਿੱਲ ਦਿੱਤੇ ਜਾਣ ਦਾ ਐਲਾਨ ਕੀਤਾ। ਇਕ ਅਧਿਕਾਰਤ ਆਦੇਸ਼ ਅਨੁਸਾਰ, ਇਕ ਬੈਠਕ ਦੌਰਾਨ ਕਸ਼ਮੀਰ ਦੇ ਸ਼ੋਪੀਆਂ, ਕੁਲਗਾਮ, ਗੰਦੇਰਬਲ ਅਤੇ ਬਾਂਦੀਪੁਰਾ, ਜਦੋਂਕਿ ਜੰਮੂ ਦੇ ਪੁੰਛ, ਰਿਆਸੀ, ਰਾਮਬਨ ਅਤੇ ਡੋਡਾ ਜ਼ਿਲ੍ਹਿਆਂ ’ਚ ਪਾਬੰਦੀਆਂ ’ਚ ਰਾਹਤ ਦਿੱਤੀ ਗਈ ਹੈ। ਇਹ ਫ਼ੈਸਲਾ ਇਨ੍ਹਾਂ ਜ਼ਿਲ੍ਹਿਆਂ 'ਚ ਪ੍ਰਤੀ 10 ਲੱਖ ਦੀ ਆਬਾਦੀ 'ਤੇ ਹਫ਼ਤੇ 'ਚ ਸਾਹਮਣੇ ਆਏ ਸੰਕਰਮਣ ਦੇ ਕੁੱਲ ਮਾਮਲਿਆਂ, ਸੰਕਰਮਣ ਦਰ, ਬਿਸਤਰਿਆਂ 'ਤੇ ਭਰਤੀ ਮਰੀਜ਼ਾਂ ਦੀ ਗਿਣਤੀ, ਮੌਤ ਦਰ ਅਤੇ ਟੀਕਾਕਰਨ ਮੁਹਿੰਮ ਦੇ ਟੀਚੇ ਦੀ ਪ੍ਰਾਪਤੀ ਨੂੰ ਧਿਆਨ 'ਚ ਰੱਖ ਕੇ ਲਿਆ ਗਿਆ।
ਇਸ ਅਨੁਸਾਰ, ਇਨ੍ਹਾਂ 8 ਜ਼ਿਲ੍ਹਿਆਂ 'ਚ ਸਰਕਾਰੀ ਅਤੇ ਨਿੱਜੀ ਦਫ਼ਤਰ ਮੁੜ ਕੰਮ ਕਰਨਾ ਸ਼ੁਰੂ ਕਰ ਸਕਦੇ ਹਨ। ਇਸੇ ਤਰ੍ਹਾਂ ਨਾਈਂ ਦੀਆਂ ਦੁਕਾਨਾਂ, ਸੈਲੂਨ, ਪਾਰਲਰ, ਮੁਹੱਲੇ ਦੀਆਂ ਦੁਕਨਾਂ, ਬਜ਼ਾਰਾਂ ਅਤੇ ਸ਼ਾਪਿੰਗ ਕੰਪਲੈਕਸ ਨੂੰ ਸ਼ਨੀਵਾਰ ਅਤੇ ਐਤਵਾਰ ਤੋਂ ਇਲਾਵਾ ਹਫ਼ਤੇ ਦੇ ਸਾਰੇ ਦਿਨ ਖੋਲ੍ਹੇ ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ। ਮੁੱਖ ਸਕੱਤਰ ਅਤੇ ਰਾਜ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਵਲੋਂ ਜਾਰੀ ਆਦੇਸ਼ 'ਚ ਕਿਹਾ ਗਿਆ ਕਿ ਸਾਰੇ ਜ਼ਿਲ੍ਹਿਆਂ 'ਚ ਕੋਵਿਡ ਦੇ ਹਾਲਾਤ 'ਚ ਹਾਰੇ ਹੋਰ ਸੁਧਾਰ ਦੀ ਜ਼ਰੂਰਤ ਹੈ।
ਆਦੇਸ਼ ਅਨੁਸਾਰ,''ਕੁਝ ਜ਼ਿਲ੍ਹਿਆਂ 'ਚ ਤੈਅ ਪੱਧਰ 'ਤੇ ਪਹੁੰਚਣ ਲਈ ਕਾਫ਼ੀ ਕੋਸ਼ਿਸ਼ ਕੀਤੇ ਜਾਣ ਦੀ ਜ਼ਰੂਰਤ ਹੈ। ਅਜਿਹੇ 'ਚ, ਇਨ੍ਹਾਂ ਜ਼ਿਲ੍ਹਿਆਂ 'ਚ ਕੋਰੋਨਾ ਰੋਕਥਾਮ ਦੇ ਲਾਗੂ ਉਪਾਅ ਜਾਰੀ ਰੱਖਣਾ ਜ਼ਰੂਰੀ ਹੈ।'' ਆਦੇਸ਼ 'ਚ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਕੋਵਿਡ ਬਚਾਅ ਦੇ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪੂਰੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸ਼ਰਾਬ ਦੇ ਥੋਕ ਵਪਾਰ ਦੀ ਹਫ਼ਤੇ ਦੇ 5 ਦਿਨ ਮਨਜ਼ੂਰੀ ਰਹੇਗੀ, ਜਦੋਂ ਕਿ ਹਫ਼ਤਾਵਾਰ 'ਚ ਕੋਰੋਨਾ ਕਰਫਿਊ ਜਾਰੀ ਰਹੇਗਾ। ਸਾਰੀਆਂ ਸਿੱਖਿਆ ਸੰਸਥਾਵਾਂ ਅਤੇ ਕੋਚਿੰਗ ਸੈਂਟਰ 15 ਜੂਨ ਤੱਕ ਬੰਦ ਰਹਿਣਗੇ। ਨਾਲ ਹੀ ਸਿਨੇਮਾਘਰ, ਮਲਟੀਪਲੈਕਸ, ਕਲੱਬ, ਜਿਮ, ਸਪਾ ਅਤੇ ਪਾਰਕ ਆਦਿ ਅਗਲੇ ਆਦੇਸ਼ ਤੱਕ ਬੰਦ ਹੀ ਰਹਿਣਗੇ।