ਅਸਤੀਫਾ ਦੇਣ ''ਤੇ ਅੜੇ ਰਾਹੁਲ, ਕਾਂਗਰਸ ਨੇ ਭੰਗ ਕੀਤੀਆਂ ਸਾਰੀਆਂ ਕਮੇਟੀਆਂ

06/24/2019 6:01:05 PM

ਨਵੀਂ ਦਿੱਲੀ— ਲੋਕ ਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਰਾਹੁਲ ਗਾਂਧੀ ਪਾਰਟੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇਣ 'ਤੇ ਅੜੇ ਹੋਏ ਹਨ। ਇਸ ਦਰਮਿਆਨ ਕਾਂਗਰਸ ਨੇ ਸਾਰੇ ਰਾਜਾਂ 'ਚ ਪ੍ਰਦੇਸ਼ ਕਮੇਟੀਆਂ ਭੰਗ ਕਰ ਦਿੱਤੀਆਂ ਹਨ। ਸੰਭਾਵਨਾ ਹੈ ਕਿ ਅਗਲੇ ਹਫ਼ਤੇ ਕਾਂਗਰਸ ਵਰਕਿੰਗ ਕਮੇਟੀ ਪਾਰਟੀ ਪ੍ਰਧਾਨ ਦੇ ਅਹੁਦੇ ਸਬੰਧੀ ਫ਼ੈਸਲਾ ਕਰੇਗੀ।

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 'ਚ ਭਾਜਪਾ ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਰਾਹੁਲ ਨੇ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ। ਪਾਰਟੀ ਨੇ ਉਨ੍ਹਾਂ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਰਾਹੁਲ ਆਪਣੀ ਜਿੱਦ 'ਤੇ ਅੜੇ ਹੋਏ ਹਨ। ਮਾਂ ਸੋਨੀਆ ਗਾਂਧੀ ਅਤੇ ਭੈਣ ਪ੍ਰਿਯੰਕਾ ਸਮੇਤ ਸੀਨੀਅਰ ਨੇਤਾਵਾਂ ਦੇ ਸਮਝਾਉਣ ਤੋਂ ਬਾਅਦ ਆਖਰਕਾਰ ਰਾਹੁਲ ਇਕ ਮਹੀਨੇ ਲਈ ਪ੍ਰਧਾਨ ਬਣੇ ਰਹਿਣ 'ਤੇ ਰਾਜੀ ਹੋ ਗਏ ਹਨ ਪਰ ਇਸ ਦੌਰਾਨ ਉਹ ਪਾਰਟੀ ਦੀ ਕਿਸੇ ਮੀਟਿੰਗ 'ਚ ਸ਼ਾਮਲ ਨਹੀਂ ਹੋ ਰਹੇ ਹਨ। ਵੱਡੇ ਫੈਸਲਿਆਂ ਤੋਂ ਵੀ ਦੂਰੀ ਬਣਾ ਰੱਖੀ ਹੈ।

ਸਾਹਮਣੇ ਆ ਰਹੀ ਜਾਣਕਾਰੀ ਅਨੁਸਾਰ ਕਾਂਗਰਸ ਵਰਕਿੰਗ ਕਮੇਟੀ ਦੀ ਅਗਲੀ ਹਫ਼ਤੇ ਹੋਣ ਵਾਲੀ ਮੀਟਿੰਗ 'ਚ ਰਾਹੁਲ ਗਾਂਧੀ ਨੂੰ ਅਹੁਦੇ 'ਤੇ ਬਣੇ ਰਹਿਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਰਾਹੁਲ ਗਾਂਧੀ ਨੇ 23 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ 25 ਮਈ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਆਪਣੇ ਅਹੁਦੇ ਤੋਂ ਹਟਣ ਦੀ ਇੱਛਾ ਜਤਾਈ ਸੀ। ਹਾਲਾਂਕਿ ਵਰਕਿੰਗ ਕਮੇਟੀ ਨੇ ਇਸ ਪ੍ਰਸਤਾਵ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ ਪਰ ਰਾਹੁਲ ਗਾਂਧੀ ਹਾਲੇ ਵੀ ਆਪਣੇ ਫ਼ੈਸਲੇ 'ਤੇ ਅੜੇ ਹੋਏ ਹਨ। ਉੱਥੇ ਹੀ ਕਾਂਗਰਸ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਪ੍ਰਧਾਨ ਸਨ, ਹਨ ਅਤੇ ਰਹਿਣਗੇ। ਇਸ ਵਾਰ ਲੋਕ ਸਭਾ ਚੋਣਾਂ 'ਚ ਕਾਂਗਰਸ ਨੇ 52 ਸੀਟਾਂ 'ਤੇ ਸਿਮਟ ਗਈ ਸੀ। ਹਾਲਾਂਕਿ ਸਾਲ 2014 'ਚ 44 ਸੀਟਾਂ ਦੇ ਮੁਕਾਬਲੇ ਪਾਰਟੀ ਨੂੰ 8 ਸੀਟਾਂ ਜ਼ਿਆਦਾ ਮਿਲੀਆਂ ਸਨ, ਬਾਵਜੂਦ ਇਸ ਦੇ ਕਾਂਗਰਸ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਸੀ।


DIsha

Content Editor

Related News