ਗਣਤੰਤਰ ਦਿਵਸ ਹਿੰਸਾ: SC ਨੇ ਥਰੂਰ ਅਤੇ ਸਰਦੇਸਾਈ ਦੀ ਗਿ੍ਰਫ਼ਤਾਰੀ ’ਤੇ ਲਾਈ ਰੋਕ

Tuesday, Feb 09, 2021 - 03:10 PM (IST)

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਗਣਤੰਤਰ ਦਿਵਸ ’ਤੇ ਕਿਸਾਨਾਂ ਦੀ ‘ਟਰੈਕਟਰ ਪਰੇਡ’ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਗੁੰਮਰਾਹ ਕਰਨ ਵਾਲੇ ਟਵੀਟ ਦੇ ਸਿਲਸਿਲੇ ਵਿਚ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਅਤੇ ਸਰਦੇਸਾਈ ਸਮੇਤ 6 ਪੱਤਰਕਾਰਾਂ ਖ਼ਿਲਾਫ਼ ਦਰਜ ਐੱਫ. ਆਈ. ਆਰ. ਨੂੰ ਲੈ ਕੇ ਉਨ੍ਹਾਂ ਦੀ ਗਿ੍ਰਫ਼ਤਾਰੀ ’ਤੇ ਮੰਗਲਵਾਰ ਨੂੰ ਰੋਕ ਲਾ ਦਿੱਤੀ ਹੈ। ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਥਰੂਰ, ਸਰਦੇਸਾਈ ਅਤੇ ਪੱਤਰਕਾਰ ਮਿ੍ਰਣਾਲ ਪਾਂਡੇ, ਜਫਰ ਆਗਾ, ਪਰੇਸ਼ ਨਾਥ, ਵਿਨੋਦ ਕੇ. ਜੋਸ ਅਤੇ ਅਨੰਤ ਨਾਥ ਦੀ ਪਟੀਸ਼ਨ ’ਤੇ ਕੇਂਦਰ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਦਾ ਜਵਾਬ ਮੰਗਿਆ ਹੈ।

ਬੈਂਚ ਨੇ ਜਦੋਂ ਕਿਹਾ ਕਿ ਉਹ ਇਸ ਮਾਮਲੇ ਵਿਚ ਨੋਟਿਸ ਜਾਰੀ ਕਰ ਰਹੀ ਹੈ ਤਾਂ ਥਰੂਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਉਦੋਂ ਤੱਕ ਪਟੀਸ਼ਨਕਰਤਾਵਾਂ ਖ਼ਿਲਾਫ਼ ਕੋਈ ਕਾਰਵਾਈ ਨਾ ਹੋਵੇ। ਬੈਂਚ ਨੇ ਇਸ ’ਤੇ ਕਿਹਾ ਕਿ ਕੁਝ ਨਹੀਂ ਹੋਣ ਜਾ ਰਿਹਾ। ਬੈਂਚ ’ਚ ਚੀਫ਼ ਜਸਟਿਸ ਤੋਂ ਇਲਾਵਾ ਜਸਟਿਸ ਏ. ਐੱਸ. ਬੋਪੰਨਾ ਅਤੇ ਜਸਟਿਸ ਵੀ. ਰਾਮਸੁਬਰਮਣੀਅਮ ਵੀ ਸ਼ਾਮਲ ਹਨ। ਅਦਾਲਤ ਦੇ ਇਹ ਕਹਿਣ ’ਤੇ ਕਿ ਇਸ ਦਰਮਿਆਨ ਪਟੀਸ਼ਨਕਰਤਾਵਾਂ ਨੂੰ ਕੁਝ ਨਹੀਂ ਹੋਣ ਜਾ ਰਿਹਾ, ਕਪਿਲ ਸਿੱਬਲ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਦਿੱਲੀ ਪੁਲਸ ਅਤੇ ਹੋਰ ਸੂਬਿਆਂ ਦੀ ਪੁਲਸ ਵਲੋਂ ਪੇਸ਼ ਹੋ ਰਹੇ ਹਨ ਅਤੇ ਉਹ ਇਸ ਦਰਮਿਆਨ ਮੇਰੇ ਦਰਵਾਜ਼ੇ ’ਤੇ ਦਸਤਕ ਦੇ ਕੇ ਮੈਨੂੰ ਗਿ੍ਰਫ਼ਤਾਰ ਕਰ ਸਕਦੇ ਹਨ। 

ਸਿੱਬਲ ਨੇ ਕਿਹਾ ਕਿ ਕ੍ਰਿਪਾ ਕਰ ਕੇ ਸਾਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਇਸ ’ਤੇ ਬੈਂਚ ਨੇ ਕਾਨੂੰਨ ਅਧਿਕਾਰੀ ਤੋਂ ਪੁੱਛਿਆ ਕਿ ਕੀ ਪੁਲਸ ਥਰੂਰ ਅਤੇ ਹੋਰਨਾਂ ਨੂੰ ਗਿ੍ਰਫ਼ਤਾਰ ਕਰਨ ਦੀ ਯੋਜਨਾ ਬਣਾ ਰਹੀ ਹੈ। ਮਹਿਤਾ ਨੇ ਕਿਹਾ ਕਿ ‘ਭਿਆਨਕ’ ਟਵੀਟ ਕੀਤੇ ਗਏ ਸਨ। ਮੈਂ ਤੁਹਾਨੂੰ ਵਿਖਾ ਸਕਦਾ ਹਾਂ ਕਿ ਇਨ੍ਹਾਂ ਟਵੀਟਜ਼ ਦਾ ਕਿੰਨਾ ਭਿਆਨਕ ਅਸਰ ਹੈ, ਜਿਨ੍ਹਾਂ ਦੇ ਫਾਲੋਅਰਜ਼ ਲੱਖਾਂ ਵਿਚ ਹਨ। ਬੈਂਚ ਨੇ ਮਹਿਤਾ ਤੋਂ ਪੁੱਛਿਆ, ਕੀ ਤੁਸੀਂ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਨ ਜਾ ਰਹੇ ਹੋ? ਸਾਲਿਸਿਟਰ ਜਨਰਲ ਤੁਸ਼ਾਰ ਮਹਿਰਾ ਨੇ ਕਿਹਾ ਕਿ ਮਾਣਯੋਗ ਮੈਂ ਤੁਹਾਡੇ ਸਾਹਮਣੇ ਹਾਂ। ਕ੍ਰਿਪਾ ਕੱਲ੍ਹ ਸੁਣਵਾਈ ਕਰੋ। ਬੈਂਚ ਨੇ ਮਹਿਤਾ ਤੋਂ ਪੁੱਛਿਆ ਕਿ ਕੀ ਉਹ ਸਾਰੇ ਸੰਬੰਧਤ ਸੂਬਿਆਂ ਵੱਲੋਂ ਪੇਸ਼ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਸਾਰਿਆਂ ਲਈ ਪੇਸ਼ ਹੋਵਾਂਗਾ। ਪਟੀਸ਼ਨਕਰਤਾਵਾਂ ਨੂੰ ਸੁਰੱਖਿਆ ਦਿੱਤੇ ਜਾਣ ਦੀ ਦਲੀਲ ਦਿੰਦੇ ਹੋਏ ਸਿੱਬਲ ਨੇ ਕਿਹਾ ਕਿ ਜੇਕਰ ਸੁਰੱਖਿਆ ਦਿੱਤੀ ਜਾਂਦੀ ਹੈ ਤਾਂ ਕੀ ਪੱਖਪਾਤ ਹੋਵੇਗਾ? ਬੈਂਚ ਨੇ ਕਿਹਾ ਕਿ ਅਸੀਂ ਤੁਹਾਨੂੰ ਦੋ ਹਫ਼ਤਿਆਂ ਬਾਅਦ ਸੁਣਾਂਗੇ ਅਤੇ ਉਦੋਂ ਤੱਕ ਗਿ੍ਰਫ਼ਤਾਰੀ ’ਤੇ ਰੋਕ ਰਹੇਗੀ। 

ਦੱਸਣਯੋਗ ਹੈ ਕਿ ਦਿੱਲੀ ਪੁਲਸ ਨੇ 30 ਜਨਵਰੀ ਨੂੰ ਥਰੂਰ, ਸਰਦੇਸਾਈ ਅਤੇ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਤੋਂ ਪਹਿਲਾਂ ਖਰੂਰ ਅਤੇ 6 ਪੱਤਰਕਾਰਾਂ ਖ਼ਿਲਾਫ਼ ਨੋਇਡਾ ਪੁਲਸ ਨੇ ਰਾਜਧਰੋਹ ਸਮੇਤ ਵੱਖ-ਵੱਖ ਧਾਰਾਵਾਂ ’ਚ ਮੁਕੱਦਮਾ ਦਰਜ ਕੀਤਾ ਸੀ। ਅਧਿਕਾਰੀਆਂ ਨੇ ਕਿਹਾ ਸੀ ਕਿ ਇਹ ਮਾਮਲੇ ਦਿੱਲੀ ’ਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਦਰਜ ਹੋਏ ਸਨ। 
 


Tanu

Content Editor

Related News