ਗਣਤੰਤਰ ਦਿਵਸ ਹਿੰਸਾ : 17 ਜੂਨ ਤੱਕ ਟਲੀ ਸੁਣਵਾਈ, ਦਿੱਲੀ ਪੁਲਸ ਨੇ ਦਾਇਰ ਕੀਤੀ ਸੀ ਚਾਰਜਸ਼ੀਟ
Friday, May 28, 2021 - 06:24 PM (IST)
ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਗਣਤੰਤਰ ਦਿਵਸ 'ਤੇ ਹੋਈ ਹਿੰਸਾ ਮਾਮਲੇ 'ਚ ਅਭਿਨੇਤਾ-ਵਰਕਰ ਦੀਪ ਸਿੱਧੂ ਅਤੇ 15 ਹੋਰ ਵਿਰੁੱਧ ਦਾਇਰ ਦੋਸ਼ ਪੱਤਰ 'ਤੇ ਨੋਟਿਸ ਲੈਣ ਦੇ ਬਿੰਦੂ 'ਤੇ ਆਪਣਾ ਆਦੇਸ਼ 17 ਜੂਨ ਤੱਕ ਟਾਲਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਇਸਤਗਾਸਾ ਪੱਖ ਦੀ ਮਨਜ਼ੂਰੀ ਦਾ ਇੰਤਜ਼ਾਰ ਹੈ। ਮੁੱਖ ਮੈਟਰੋਪਾਲਿਟਨ ਮੈਜਿਸਟਰੇਟ ਗਜੇਂਦਰ ਸਿੰਘ ਨਾਗਰ ਨੇ ਕਿਹਾ ਕਿ ਮਹਾਮਾਰੀ ਰੋਗ ਐਕਟ, ਆਫ਼ਤ ਪ੍ਰਬੰਧਨ ਐਕਟ ਅਤੇ ਆਰਮਜ਼ ਐਕਟ ਦੇ ਅਧੀਨ ਹਾਲੇ ਵੀ ਸੰਬੰਧਤ ਅਧਿਕਾਰੀਆਂ ਤੋਂ ਮਨਜ਼ੂਰੀ ਦਾ ਇੰਤਜ਼ਾਰ ਹੈ। ਜੱਜ ਨੇ ਦੋਸ਼ ਪੱਤਰ ਦੀ ਕਾਪੀ ਦੋਸ਼ੀ ਦੇ ਵਕੀਲ ਨੂੰ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਹਾਲਾਂਕਿ ਉਨ੍ਹਾਂ ਨੂੰ ਅਦਾਲਤ ਆਉਣ 'ਤੇ ਅੰਤਿਮ ਰਿਪੋਰਟ ਦਾ ਨਿਰੀਖਣ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਲਾਲ ਕਿਲ੍ਹਾ ਹਿੰਸਾ ਮਾਮਲਾ: ਦਿੱਲੀ ਪੁਲਸ ਦੀ ਚਾਰਜਸ਼ੀਟ ’ਚ ਹੋਇਆ ਵੱਡਾ ਖ਼ੁਲਾਸਾ
ਇਸਤਗਾਸਾ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਵਲੋਂ ਮਨਜ਼ੂਰੀ ਪ੍ਰਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ,''ਅਸੀਂ ਜਲਦ ਹੀ ਪੂਰਕ ਦੋਸ਼ ਪੱਤਰ ਦਾਖ਼ਲ ਕਰਾਂਗੇ।'' ਦੱਸਣਯੋਗ ਹੈ ਕਿ 26 ਜਨਵਰੀ ਨੂੰ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੀ 'ਟਰੈਕਟਰ ਪਰੇਡ' ਦੌਰਾਨ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਪੁਲਸ ਮੁਲਾਜ਼ਮਾਂ ਨਾਲ ਸੰਘਰਸ਼ ਹੋ ਗਿਆ ਸੀ, ਜਿਸ 'ਚ ਕਈ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ ਸਨ। ਦਿੱਲੀ ਪੁਲਸ ਨੇ 17 ਮਈ ਨੂੰ 3,224 ਪੰਨਿਆਂ ਦਾ ਦੋਸ਼ ਪੱਤਰ ਦਾਇਰ ਕੀਤਾ ਸੀ। ਇਸ ਮਾਮਲੇ 'ਚ 16 ਦੋਸ਼ੀਆਂ 'ਚੋਂ 14 ਹਾਲੇ ਨਿਆਇਕ ਹਿਰਾਸਤ 'ਚ ਹਨ। ਦੀਪ ਸਿੱਧੂ ਨੂੰ 9 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਕਿਸਾਨੀ ਘੋਲ ਦੇ 6 ਮਹੀਨੇ ਪੂਰੇ, ਜਾਣੋ ਅੰਦੋਲਨ ਦੀ ਸ਼ੁਰੂਆਤ ਤੋਂ ਹੁਣ ਤਕ ਦੀ ਪੂਰੀ ਕਹਾਣੀ, ਤਸਵੀਰਾਂ ਦੀ ਜ਼ੁਬਾਨੀ