ਗਣਤੰਤਰ ਦਿਵਸ ਪਰੇਡ ''ਚ ਤਾਮਿਲਨਾਡੂ ਦੀ ਝਾਂਕੀ ''ਤੇ ਹੋ ਰਿਹਾ ਵਿਵਾਦ

Sunday, Jan 27, 2019 - 02:49 PM (IST)

ਗਣਤੰਤਰ ਦਿਵਸ ਪਰੇਡ ''ਚ ਤਾਮਿਲਨਾਡੂ ਦੀ ਝਾਂਕੀ ''ਤੇ ਹੋ ਰਿਹਾ ਵਿਵਾਦ

ਚੇਨਈ— ਗਣਤੰਤਰ ਦਿਵਸ ਪਰੇਡ 'ਤੇ ਇਸ ਵਾਰ 16 ਰਾਜਾਂ ਦੀ ਝਾਂਕੀ ਰਾਜਪਥ 'ਤੇ ਦੇਖਣ ਨੂੰ ਮਿਲੀ ਪਰ ਇਨ੍ਹਾਂ 'ਚੋਂ ਤਾਮਿਲਨਾਡੂ ਦੀ ਝਾਂਕੀ 'ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਦਰਅਸਲ ਇਸ ਝਾਂਕੀ 'ਚ ਔਰਤਾਂ ਨੂੰ ਬਿਨਾਂ ਬਲਾਊਜ਼ ਦੇ ਸਿਰਫ ਸਾੜੀ 'ਚ ਦਿਖਾਇਆ ਗਿਆ ਹੈ। ਤਾਮਿਲਨਾਡੂ ਸਰਕਾਰ ਦੀ ਇਸ ਝਾਂਕੀ 'ਚ ਮਹਾਤਮਾ ਗਾਂਧੀ ਦੀ 1921 ਦੀ ਉਸ ਮੁਦਰੈ ਯਾਤਰਾ ਨੂੰ ਦਿਖਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕੱਪੜੇ ਤਿਆਗ ਦਿੱਤੇ ਸਨ ਅਤੇ ਸਿਰਫ ਇਕ ਧੋਤੀ ਪਾਉਣ ਦਾ ਫੈਸਲਾ ਕੀਤਾ ਸੀ। ਅਜਿਹਾ ਫੈਸਲਾ ਉਨ੍ਹਾਂ ਨੇ ਇੱਥੋਂ ਦੇ ਕਿਸਾਨਾਂ ਦੀ ਤਰਸਯੋਗ ਹਾਲਤ ਨੂੰ ਦੇਖ ਕੇ ਕੀਤਾ ਸੀ। ਜਨਰਲ ਸਕੱਤਰ ਸੁਬਾ ਵੀਰਾਪਾਂਡੀਅਨ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ 22 ਸਤੰਬਰ 1921 ਨੂੰ ਆਪਣੀ ਮਦੁਰੈ ਯਾਤਰਾ ਤੋਂ ਬਾਅਦ ਸਿਰਫ ਇਕ ਧੋਤੀ ਪਾਉਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਨੇ ਕਿਹਾ,''ਇਹ ਮਹਾਤਮਾ ਗਾਂਧੀ ਅਤੇ ਤਾਮਿਲਨਾਡੂ ਲਈ ਅਹਿਮ ਘਟਨਾ ਸੀ ਪਰ 1921 'ਚ ਔਰਤਾਂ ਇਸ ਤਰ੍ਹਾਂ ਦੇ ਕੱਪੜੇ ਨਹੀਂ ਪਾਉਂਦੀਆਂ ਸਨ, ਜਿਵੇਂ ਝਾਂਕੀ 'ਚ ਦਿਖਾਇਆ ਗਿਆ ਹੈ। ਤ੍ਰਾਵਨਕੋਰ ਖੇਤਰ 'ਚ ਔਰਤਾਂ ਇਸ ਤਰ੍ਹਾਂ ਦੇ ਕੱਪੜੇ ਪਾਉਂਦੀਆਂ ਸਨ ਪਰ ਔਰਤਾਂ ਦੇ ਬਲਾਊਜ਼ ਪਾਉਣ 'ਤੇ ਬੈਨ ਨੂੰ 19ਵੀਂ ਸ਼ਤਾਬਦੀ 'ਚ ਖਤਮ ਕਰ ਦਿੱਤਾ ਗਿਆ ਸੀ।''

ਉਨ੍ਹਾਂ ਨੇ ਕਿਹਾ ਅਜਿਹਾ ਨਹੀਂ ਹੋਣਾ ਚਾਹੀਦਾ ਸੀ, ਉਹ ਵੀ ਉਦੋਂ ਜਦੋਂ ਉਸ ਪਰੇਡ ਨੂੰ ਪੂਰੀ ਦੁਨੀਆ ਦੇਖ ਰਹੀ ਸੀ। ਅਸੰਗਠਿਤ ਮਜ਼ਦੂਰ ਸੰਘ ਦੀ ਸਲਾਹਕਾਰ ਆਰ.ਗੀਤਾ ਨੇ ਵੀ ਕਿਹਾ ਕਿ ਬਿਨਾਂ ਬਲਾਊਜ਼ ਦੇ ਔਰਤਾਂ ਨੂੰ ਦਿਖਾਉਣ ਤੋਂ ਬਚਿਆ ਜਾ ਸਕਦਾ ਸੀ। ਦੂਜੇ ਪਾਸੇ ਰਾਜ ਦੇ ਸੂਚਨਾ ਅਤੇ ਪ੍ਰਸਾਰਨ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਝਾਂਕੀ ਦਾ ਮਕਸਦ ਮਹਾਤਮਾ ਗਾਂਧੀ ਦੇ 150ਵੀਂ ਜਯੰਤੀ ਮੌਕੇ ਉਨ੍ਹਾਂ ਦੇ ਜੀਵਨ ਨਾਲ ਜੁੜੀ ਕਿਸੇ ਘਟਨਾ ਨੂੰ ਦਿਖਾਉਣਾ ਸੀ। ਉਨ੍ਹਾਂ ਨੇ ਕਿਹਾ,''ਸਾਨੂੰ ਝਾਂਕੀ ਨਾਲ ਸੰਬੰਧਤ ਕਈ ਫੋਨ ਆਏ ਹਨ। ਹਾਲਾਂਕਿ ਇਸ ਥੀਮ ਨੂੰ ਇਸ ਲਈ ਚੁਣਿਆ ਗਿਆ ਸੀ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਗਾਂਧੀ ਅਤੇ ਤਾਮਿਲਨਾਡੂ ਦੇ ਇਸ ਕਨੈਕਸ਼ਨ ਬਾਰੇ ਪਤਾ ਨਹੀਂ ਹੋਵੇਗਾ।''


author

DIsha

Content Editor

Related News