ਗਣਤੰਤਰ ਦਿਵਸ ''ਤੇ ਹਰਿਆਣਾ ਦੀ ਇਸ ਝਾਕੀ ਨੇ ਖਿੱਚਿਆ ਸਭ ਦਾ ਧਿਆਨ
Friday, Jan 26, 2024 - 02:30 PM (IST)

ਨਵੀਂ ਦਿੱਲੀ/ਹਰਿਆਣਾ- ਰਾਸ਼ਟਰੀ ਰਾਜਧਾਨੀ 'ਚ ਸ਼ੁੱਕਰਵਾਰ ਨੂੰ ਗਣਤੰਤਰ ਦਿਵਸ ਪਰੇਡ ਦੌਰਾਨ ਹਰਿਆਣਾ ਦੀ ਝਾਕੀ 'ਚ ਵਿਕਸਿਤ ਭਾਰਤ ਦੇ ਸੁਫ਼ਨੇ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕਰਦੀ ਸੂਬੇ ਦੀ ਮਹੱਤਵਪੂਰਨ 'ਮੇਰਾ ਪਰਿਵਾਰ-ਮੇਰੀ ਪਛਾਣ' ਯੋਜਨਾ ਨੂੰ ਦਰਸਾਇਆ ਗਿਆ ਹੈ। ਝਾਕੀ ਵਿਚ ਡਿਜੀਟਲ ਯੰਤਰ ਫੜੇ ਇਕ ਵਿਦਿਆਰਥਣ ਨੂੰ ਦਰਸਾਇਆ ਗਿਆ ਹੈ, ਜੋ ਕਿ ਸੂਬੇ ਦੀ ਆਧੁਨਿਕਤਾ ਵੱਲ ਵਧਣ ਦਾ ਪ੍ਰਤੀਕ ਹੈ। ਝਾਕੀ ਵਿਚ ਖੇਤੀ ਦੇ ਖੇਤਰ 'ਚ ਇਸ ਦੇ ਦਬਦਬੇ ਦਾ ਵੀ ਪ੍ਰਦਰਸ਼ਨ ਕੀਤਾ ਗਿਆ ਅਤੇ ਇਹ ਸੰਦੇਸ਼ ਦਿੱਤਾ ਗਿਆ ਕਿ ਸੂਬਾ 1 ਕਰੋੜ 20 ਲੱਖ ਮੀਟ੍ਰਿਕ ਟਨ ਕਣਕ ਦਾ ਉਤਪਾਦਕ ਹੈ।
ਝਾਕੀ ਨੇ ਅਖ਼ੀਰ ਵਿਚ 'ਪਰਿਵਾਰ ਪਛਾਣ ਪੱਤਰ' ਦੇ ਲਾਭਾਂ 'ਤੇ ਚਾਨਣਾ ਪਾਇਆ ਗਿਆ, ਜਿਵੇਂ ਰਾਸ਼ਨ ਦੀ ਖਰੀਦ, ਕਿਸਾਨ ਪਰਿਵਾਰਾਂ ਲਈ ਖੇਤੀਬਾੜੀ ਸਬਸਿਡੀ, ਨੌਜਵਾਨ ਵਿਦਿਆਰਥੀਆਂ ਲਈ ਸਕਾਲਰਸ਼ਿਪ ਅਤੇ ਬੁਰਜ਼ਗਾਂ ਨੂੰ ਪੈਨਸ਼ਨ। ਸੂਬੇ ਮੁਤਾਬਕ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪਾਤਰ ਪਰਿਵਾਰਾਂ ਨੂੰ ਤਕਨਾਲੋਜੀ ਨਾਲ ਜੋੜ ਕੇ ਸਰਕਾਰੀ ਯੋਜਨਾਵਾਂ ਦਾ ਲਾਭ ਪ੍ਰਦਾਨ ਕਰਨਾ ਹੈ।