ਖੁਫੀਆ ਰਿਪੋਰਟ ’ਚ ਚਿਤਾਵਨੀ, ਭਾਰਤ-ਨੇਪਾਲ ਦੀ ਸਰਹੱਦ ’ਤੇ ਮਸਜਿਦਾਂ ਤੇ ਮਦਰਸਿਆ ਦੀ ਵਧੀ ਗਿਣਤੀ
Monday, Feb 07, 2022 - 06:16 PM (IST)
ਨਵੀਂ ਦਿਲੀ (ਅਨਸ) - ਖੁਫੀਆ ਏਜੰਸੀਆਂ ਨੇ ਇਕ ਤਾਜ਼ਾ ਰਿਪੋਰਟ ’ਚ ਚੇਤਾਵਨੀ ਦਿੱਤੀ ਹੈ ਕਿ ਪਿਛਲੇ 3 ਸਾਲਾਂ ’ਚ ਭਾਰਤ-ਨੇਪਾਲ ਦੀ ਸਰਹੱਦ ’ਤੇ ਮਸਜਿਦਾਂ ਅਤੇ ਮਦਰਸਿਆ ਦੀ ਗਿਣਤੀ ਵਧੀ ਹੈ। ਭਾਰਤ ਦੇ 3 ਸੂਬਿਆਂ ਉੱਤਰ ਪ੍ਰਦੇਸ਼, ਬਿਹਾਰ ਅਤੇ ਪਛੱਮੀ ਬੰਗਾਲ ਨਾਲ ਲੱਗਦੀ ਸਰਹੱਦ ’ਤੇ ਇਹ ਵਾਧਾ ਗੰਭੀਰ ਸੁਰੱਖਿਆ ਚਿੰਤਾ ਦਾ ਵਿਸ਼ਾ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਉਕਤ ਧਾਰਮਿਕ ਅਦਾਰੇ ਨੇਪਾਲ ਦੀ ਸਰਹੱਦ ਤੋਂ 10 ਕਿਲੋਮੀਟਰ ਅੰਦਰ ਅਤੇ ਨੇਪਾਲ ਦੀ ਸਰਹੱਦ ਤੋਂ ਪਾਰ ਵੀ ਵਧ ਗਏ ਹਨ। ਇਸ ਕਾਰਨ ਬਿਹਾਰ, ਉੱਤਰ ਪ੍ਰਦੇਸ਼ ਅਤੇ ਪਛੱਮੀ ਬੰਗਾਲ ਦੇ ਸਰਹੱਦੀ ਖੇਤਰਾਂ ਦੇ ਕੁਝ ਹਿੱਸਿਆਂ ’ਚ ਆਬਾਦੀ ’ਚ ਤਬਦੀਲੀ ਹੋਈ ਹੈ। ਪਿਛਲੇ 3 ਸਾਲਾਂ ’ਚ ਮਸਜਿਦਾਂ ਦੀ ਗਿਣਤੀ 760 ਤੋਂ ਵਧ ਕੇ 1000 ਹੋ ਗਈ ਹੈ। ਨੇਪਾਲ ਦੇ ਪਾਸੇ 2018 ’ਚ ਜਿਥੇ ਮਦਰਸਿਆ ਦੀ ਗਿਣਤੀ 508 ਸੀ, ਹੁਣ 3 ਸਾਲ ਬਾਅਦ ਵਧ ਕੇ 645 ਹੋ ਗਈ ਹੈ।
ਇਹ ਵੀ ਪੜ੍ਹੋ : ਇਮਰਾਨ ਖ਼ਾਨ ਦੀ ਸਰਕਾਰ ਖ਼ਿਲਾਫ਼ ਭਖੀ ਬਗ਼ਾਵਤ, ਵਿਰੋਧੀ ਧਿਰਾਂ ਹੋਈਆਂ ਇਕੱਠੀਆਂ
ਸੁਰੱਖਿਆ ਗ੍ਰਿਡ ਦੇ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਰਵਾਇਤੀ ਅਦਾਰਿਆਂ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਅਤੇ ਵਿਦੇਸ਼ਾਂ ’ਚ ਕੰਮ ਕਰ ਰਹੀਆਂ ਹੋਰਨਾਂ ਭਾਰਤ ਵਿਰੋਧੀ ਜੱਥੇਬੰਦੀਆਂ ਵਲੋਂ ਵਿੱਤੀ ਮਦਦ ਕੀਤੀ ਜਾ ਰਹੀ ਹੈ। ਸੁਰੱਖਿਆ ਫੋਰਸਾਂ ਦੇ ਅਧਿਕਾਰੀਆਂ ਨੇ ਮੰਨਿਆ ਹੈ ਕਿ ਇਨ੍ਹਾਂ ਮਸਜਿਦਾਂ ਅਤੇ ਮਦਰਸਿਆ ਦਾ ਆਕਾਰ ਅਤੇ ਵਿਸ਼ਾਲਤਾ ਹੀ ਵਿਦੇਸ਼ੀ ਫੰਡਿੰਗ ਦਾ ਸੰਕੇਤ ਦਿੰਦੀਆਂ ਹਨ। ਆਈ.ਐੱਸ.ਆਈ. ਦੇ ਨਾਲ ਹੀ ਇਨ੍ਹਾਂ ਧਾਰਮਿਕ ਘਰਾਣਿਆਂ ਨੂੰ ਅਰਬ ਦੇਸ਼ਾਂ ਤੋਂ ਵੀ ਫੰਡ ਮਿਲਦੇ ਹਨ।
ਭਾਰਤ-ਨੇਪਾਲ ਸਰਹੱਦ ’ਤੇ ਤਾਇਨਾਤ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਉਕਤ ਕੇਂਦਰ ਭਾਰਤ ਵਿਰੋਧੀ ਭਾਵਨਾਵਾਂ ਨੂੰ ਭੜਕਾ ਰਹੇ ਹਨ। ਉਹ ਬਿਹਾਰ, ਉੱਤਰ ਪ੍ਰਦੇਸ਼ ਅਤੇ ਪਛੱਮੀ ਬੰਗਾਲ ਦੇ ਸਰਹੱਦੀ ਇਲਾਕਿਆਂ ’ਚ ਸਰਗਰਮ ਅਪਰਾਧੀਆਂ ਨੂੰ ਸ਼ਰਨ ਵੀ ਦਿੰਦੇ ਹਨ। ਇਨ੍ਹਾਂ ਖੇਤਰਾਂ ’ਚ ਨਕਲੀ ਭਾਰਤੀ ਨੋਟਾਂ ਅਤੇ ਨਸ਼ੀਲੀਆਂ ਵਸਤਾਂ ਦੀ ਸਮਗਲਿੰਗ ’ਚ ਵੀ ਤੇਜ਼ੀ ਵੇਖੀ ਗਈ ਹੈ।
ਨੇਪਾਲ ਨਾਲ ਭਾਰਤ ਦੀ ਕੋਈ ਹਵਾਲਗੀ ਸੰਧੀ ਨਹੀਂ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ ਦੀਆਂ ਸਰਕਾਰਾਂ ਦੇ ਅਧਿਕਾਰੀਆਂ ਨੇ ਵੀ ਇਹ ਮੰਨਿਆ ਹੈ ਕਿ ਅਪਰਾਧੀ ਅਕਸਰ ਅਪਰਾਧ ਕਰ ਕੇ ਉਕਤ ਧਾਰਮਿਕ ਥਾਵਾਂ ’ਚ ਸ਼ਰਨ ਲੈ ਲੈਂਦੇ ਹਨ ਕਿਉਂਕਿ ਭਾਰਤ-ਨੇਪਾਲ ਸਰਹੱਦ ਖੁਲ੍ਹੀ ਹੈ। ਸਿਰਫ ਪ੍ਰਮੱੁਖ ਸੜਕਾਂ ’ਤੇ ਹੀ ਕੁਝ ਚੌਂਕੀਆਂ ਸਥਾਪਤ ਕੀਤੀਆਂ ਗਈਆਂ ਹਨ ਪਰ ਨੇਪਾਲ ਵਲ ਜਾਣ ਵਾਲੇ ਪਿੰਡਾਂ ਦੀਆਂ ਸੜਕਾਂ ’ਤੇ ਕੋਈ ਸੁਰੱਖਿਆ ਨਹੀਂ।
ਇਹ ਵੀ ਪੜ੍ਹੋ : ਇਮਰਾਨ ਨੂੰ ਪਾਕਿਸਤਾਨ ਦੇ ਵੱਡੇ ਵਪਾਰੀ ਦੀ ਭਾਰਤ ਨਾਲ ਸੰਬੰਧ ਸੁਧਾਰਨ ਦੀ ਸਲਾਹ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।