ਹੁਣ ਰੇਮਡੇਸਿਵਿਰ ਟੀਕੇ ਨੂੰ ਲੈ ਕੇ ਭਿੜੀਆਂ ਮਹਾਰਾਸ਼ਟਰ ਦੀਆਂ ਸਿਆਸੀ ਪਾਰਟੀਆਂ

04/19/2021 10:43:28 AM

ਮੁੰਬਈ (ਭਾਸ਼ਾ)- ਗੱਲ-ਗੱਲ ’ਤੇ ਸਿਆਸਤ ਦਾ ਅਖਾੜਾ ਬਣ ਗਏ ਮਹਾਰਾਸ਼ਟਰ ਵਿਚ ਹੁਣ ਕੋਰੋਨਾ ਵਿਰੁੱਧ ਜੰਗ ’ਚ ਵਰਤੇ ਜਾਣ ਵਾਲੇ ਰੇਮਡੇਸਿਵਿਰ ਟੀਕੇ ਨੂੰ ਲੈ ਕੇ ਸਿਆਸਤ ਭਖ ਗਈ ਹੈ। ਇਸ ਟੀਕੇ ਦੀ ਸਪਲਾਈ ਕਰਨ ਵਾਲੀ ਦਮਨ ਦੀ ਇਕ ਦਵਾਈ ਕੰਪਨੀ ਦੇ ਨਿਰਦੇਸ਼ਕ ਨਾਲ ਭਾਜਪਾ ਆਗੂਆਂ ਦੀ ਮੁਲਾਕਾਤ ਪਿੱਛੋਂ ਹੰਗਾਮਾ ਖੜ੍ਹਾ ਹੋ ਗਿਆ ਹੈ। ਮਹਾਰਾਸ਼ਟਰ ਪੁਲਸ ਨੇ ਨਿਰਦੇਸ਼ਕ ਨੂੰ ਭਾਜਪਾ ਵਲੋਂ ਟੀਕੇ ਦਾ ਭੰਡਾਰ ਕਰਨ ਸਬੰਧੀ ਥਾਣੇ ਸੱਦ ਕੇ ਪੁੱਛਗਿੱਛ ਕੀਤੀ। ਆਮ ਆਦਮੀ ਪਾਰਟੀ ਨੇ ਭਾਜਪਾ ’ਤੇ ਉਕਤ ਟੀਕੇ ਨੂੰ ਖਰੀਦ ਕੇ ਉਸ ਦਾ ਭੰਡਾਰ ਕਰਨ ਦਾ ਦੋਸ਼ ਲਾਇਆ ਹੈ।

ਇਹ ਵੀ ਪੜ੍ਹੋ– ਕੋਰੋਨਾ ਨੂੰ ਲੈ ਕੇ ਮਨਮੋਹਨ ਸਿੰਘ ਨੇ ਪੀ.ਐੱਮ. ਮੋਦੀ ਨੂੰ ਲਿਖੀ ਚਿੱਠੀ, ਵੈਕਸੀਨ ’ਚ ਤੇਜ਼ੀ ਸਮੇਤ ਦਿੱਤੇ ਇਹ ਸੁਝਾਅ

 

ਭਾਜਪਾ ਦੇ ਇਕ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਐਤਵਾਰ ਕਿਹਾ ਕਿ 4 ਦਿਨ ਪਹਿਲਾਂ ਉਨ੍ਹਾਂ ਬਰੁਕ ਫਾਰਮਾ ਨੂੰ ਰੇਮਡੇਸਿਵਿਰ ਟੀਕੇ ਦੀ ਸਪਲਾਈ ਕਰਨ ਦੀ ਬੇਨਤੀ ਕੀਤੀ ਸੀ ਪਰ ਸਰਕਾਰ ਵਲੋਂ ਆਗਿਆ ਮਿਲਣ ਤੱਕ ਉਹ ਅਜਿਹਾ ਨਹੀਂ ਕਰ ਸਕਦੀ ਸੀ। ਇਸ ’ਤੇ ਉਨ੍ਹਾਂ ਨੇ ਕੇਂਦਰੀ ਮੰਤਰੀ ਮਨਸੁਖ ਮਾਨਡਵੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਖੁਰਾਕ ਅਤੇ ਅੌਸ਼ਿਧੀ ਪ੍ਰਸ਼ਾਸਨ (ਐੱਫ.ਡੀ.ਏ.) ਦੀ ਆਗਿਆ ਲੈ ਕੇ ਦਿੱਤੀ। ਫੜਨਵੀਸ ਨੇ ਮੁੰਬਈ ਪੁਲਸ ਵਲੋਂ ਦਵਾਈ ਕੰਪਨੀ ਦੇ ਅਧਿਕਾਰੀਆਂ ਕੋਲੋਂ ਪੁੱਛਗਿੱਛ ਕਰਨ ’ਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ਦੀ ਸ਼ਿਵ ਸੈਨਾ ਦੀ ਅਗਵਾਈ ਵਾਲੀ ਸਰਕਾਰ ਮਹਾਮਾਰੀ ਦੌਰਾਨ ਸਿਆਸਤ ਕਰ ਰਹੀ ਹੈ।

ਇਹ ਵੀ ਪੜ੍ਹੋ– ਮਾਸਕ ਅਤੇ ਟੀਕਾਕਰਨ ਪ੍ਰਤੀ ਜਾਗਰੂਕਤਾ ਬੇਹੱਦ ਜ਼ਰੂਰੀ: ਪੀ. ਐੱਮ. ਮੋਦੀ

ਇਸ ਦੇ ਜਵਾਬ ਵਿਚ ਸੂਬਾਈ ਕਾਂਗਰਸ ਦੇ ਬੁਲਾਰੇ ਸਚਿਨ ਨੇ ਟਵੀਟ ਕੀਤਾ, ‘‘ਇਕ ਕਾਰੋਬਾਰੀ ਲਈ ਅੱਧੀ ਰਾਤ ਨੂੰ ਦਵਿੰਦਰ ਫੜਨਵੀਸ ਅਤੇ ਪ੍ਰਵੀਨ ਦਾ ਥਾਣੇ ਜਾਣਾ ਅਤੇ ਮੁੰਬਈ ਪੁਲਸ ’ਤੇ ਦਬਾਅ ਪਾਉਣਾ ਹੈਰਾਨੀਜਨਕ ਹੈ। ਮਹਾਮਾਰੀ ਸਮੇਂ ਰੇਮਡੇਸਿਵਿਰ ਦੀ ਕਮੀ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ। ਕੀ ਅਜਿਹੇ ਹਾਲਾਤ ’ਚ ਪੁਲਸ ਪੁੱਛਗਿੱਛ ਵੀ ਨਹੀਂ ਕਰ ਸਕਦੀ?’’

‘ਆਪ’ ਨੇ ਕਿਹਾ - ਰੇਮਡੇਸਿਵਿਰ ਟੀਕੇ ਨੂੰ ਵੱਡੀ ਪੱਧਰ ’ਤੇ ਖਰੀਦ ਕੇ ਉਸ ਦਾ ਭੰਡਾਰ ਕਰ ਰਹੀ ਹੈ ਭਾਜਪਾ-

ਇਸ ਦੌਰਾਨ ‘ਆਪ’ ਦੇ ਨੇਤਾ ਪ੍ਰੀਤੀ ਸ਼ਰਮਾ ਨੇ ਕਿਹਾ ਹੈ ਕਿ ਫੜਨਵੀਸ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਦੇ ਇਕ ਨੇਤਾ ਪ੍ਰਸਾਦ ਲਾਡ ਭਗਵਾ ਪਾਰਟੀ ਵਲੋਂ ਦਮਨ ਗਏ ਸਨ। ਉੱਥੇ ਉਨ੍ਹਾਂ ਉਕਤ ਫਰਮ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਸਥਾਨਕ ਪੱਧਰ ’ਤੇ ਰੇਮਡੇਸਿਵਿਰ ਦੀ ਵਿਕਰੀ ਲਈ ਪ੍ਰਵਾਨਗੀ ਲੈਣ ’ਚ ਕੇਂਦਰ ਸਰਕਾਰ ਦੀ ਵਰਤੋਂ ਕੀਤੀ ਅਤੇ ਫਿਰ ਭਾਜਪਾ ਨੇ ਉਕਤ ਫਰਮ ਕੋਲੋਂ ਰੇਮਡੇਸਿਵਿਰ ਦਾ ਭੰਡਾਰ ਖਰੀਦ ਲਿਆ। ਉਨ੍ਹਾਂ ਕਿਹਾ ਕਿ ਕਿਸੇ ਸਿਆਸੀ ਪਾਰਟੀ ਵਲੋਂ ਦਾਨ ਕਰਨ ਲਈ ਜਾਂ ਕਿਸੇ ਵਸਤੂ ਨੂੰ ਵੱਡੇ ਪੱਧਰ ’ਤੇ ਖਰੀਦਣਾ ਗੈਰ-ਕਾਨੂੰਨੀ ਹੈ।

ਇਹ ਵੀ ਪੜ੍ਹੋ– ਆਕਸੀਜਨ ਦੀ ਕਮੀ ਨੂੰ ਲੈ ਕੇ ਊਧਵ ਠਾਕਰੇ ਨੇ PM ਮੋਦੀ ਨੂੰ ਕੀਤਾ ਫੋਨ, ਜਵਾਬ ਮਿਲਿਆ- ‘ਉਹ ਬੰਗਾਲ ’ਚ ਹਨ’

 


Tanu

Content Editor

Related News