ਦਰਜੀ ਕਤਲਕਾਂਡ ਮਾਮਲੇ ’ਚ 3 ਦੋਸ਼ੀਆਂ ਦਾ ਰਿਮਾਂਡ ਵਧਿਆ, 4 ਨੂੰ ਭੇਜਿਆ ਜੇਲ੍ਹ
Tuesday, Jul 12, 2022 - 05:04 PM (IST)
ਜੈਪੁਰ– ਰਾਜਸਥਾਨ ਦੇ ਉਦੈਪੁਰ ’ਚ ਦਰਜੀ ਕਨ੍ਹਈਆ ਲਾਲ ਕਤਲਕਾਂਡ ਮਾਮਲੇ ਦੇ ਦੋ ਮੁੱਖ ਦੋਸ਼ੀਆਂ ਸਮੇਤ 3 ਦੋਸ਼ੀਆਂ ਦਾ ਰਿਮਾਂਡ 16 ਜੁਲਾਈ ਤੱਕ ਵਧਾ ਦਿੱਤਾ ਗਿਆ ਹੈ, ਜਦਕਿ 4 ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (NIA) ਨੇ ਕਨ੍ਹਈਆ ਕਤਲਕਾਂਡ ਮਾਮਲੇ ਵਿਚ ਗ੍ਰਿਫਤਾਰ 7 ਦੋਸ਼ੀਆਂ ਨੂੰ ਅੱਜੇ ਇੱਥੇ NIA ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਮੁੱਖ ਦੋਸ਼ੀ ਮੁਹੰਮਦ ਗੌਸ ਅਤੇ ਰਿਆਜ਼ ਅਤਾਰੀ ਤੇ ਮੋਹਸਿਨ ਨੂੰ 16 ਜੁਲਾਈ ਤੱਕ ਫਿਰ ਰਿਮਾਂਡ ’ਤੇ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ– ਦਰਜੀ ਕਤਲਕਾਂਡ ’ਚ ਵੱਡਾ ਖ਼ੁਲਾਸਾ; ਪਾਕਿਸਤਾਨੀ ਸੰਗਠਨ ‘ਦਾਵਤ-ਏ-ਇਸਲਾਮੀ’ ਨਾਲ ਲਿੰਕ
ਅਦਾਲਤ ਨੇ ਦੋਸ਼ੀ ਆਸਿਫ, ਵਸੀਮ ਅਲੀ ਅਤੇ ਫਰਹਾਦ ਮੁਹੰਮਦ ਸਮੇਤ 4 ਦੋਸ਼ੀਆਂ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਇਸ ਮਾਮਲੇ ’ਚ ਗ੍ਰਿਫਤਾਰ ਇਨ੍ਹਾਂ 7 ਦੋਸ਼ੀਆਂ ਨੂੰ ਮੰਗਲਵਾਰ ਨੂੰ ਰਿਮਾਂਡ ਸਮਾਂ ਪੂਰਾ ਹੋਣ ’ਤੇ ਸਖ਼ਤ ਵਿਵਸਥਾ ਦਰਮਿਆਨ ਅਦਾਲਤ ’ਚ ਪੇਸ਼ ਕੀਤਾ ਗਿਆ। ਬੀਤੇ 28 ਜੂਨ ਨੂੰ ਉਦੈਪੁਰ ’ਚ ਕਨ੍ਹਈਆ ਲਾਲ ਸਾਹੂ ਦੇ ਕਤਲ ਕਰ ਦੇਣ ਮਗਰੋਂ ਇਸ ਮਾਮਲੇ ’ਚ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ– NIA ਨੇ ਦਰਜੀ ਕਤਲਕਾਂਡ ’ਚ UAPA ਤਹਿਤ ਮਾਮਲਾ ਕੀਤਾ ਦਰਜ, ਦੋਸ਼ੀਆਂ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ
ਦੱਸਣਯੋਗ ਹੈ ਕਿ ਬੀਤੀ 28 ਜੂਨ 2022 ਨੂੰ ਕਨ੍ਹਈਆ ਲਾਲ ਦੇ ਕਤਲ ਮਗਰੋਂ ਸੂਬਾ ਸਰਕਾਰ ਨੇ ਵਿਸ਼ੇਸ਼ ਜਾਂਚ ਦਲ (SIT) ਦਾ ਗਠਨ ਕਰ ਕੇ ਜਾਂਚ ਸ਼ੁਰੂ ਕੀਤੀ ਸੀ ਪਰ ਬਾਅਦ ’ਚ ਦੋਸ਼ੀਆਂ ਦੇ ਤਾਰ ਦੂਜੇ ਦੇਸ਼ਾਂ ਨਾਲ ਵੀ ਜੁੜੇ ਹੋਣ ਕਾਰਨ ਇਸ ਮਾਮਲੇ ਦੀ ਜਾਂਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੂੰ ਸੌਂਪ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕਨ੍ਹਈਆ ਲਾਲ ਦੇ ਮੋਬਾਇਲ ਤੋਂ ਭਾਜਪਾ ਆਗੂ ਨੂਪੁਰ ਸ਼ਰਮਾ ਦੇ ਸਮਰਥਨ ’ਚ ਪੋਸਟ ਹੋਈ ਸੀ। ਇਸ ਦੇ ਚੱਲਦੇ ਰਿਆਜ਼ ਅਤੇ ਗੌਸ ਮੁਹੰਮਦ ਨੇ ਉਸ ਦਾ ਕਤਲ ਕਰ ਦਿੱਤਾ। ਨੂਪੁਰ ਸ਼ਰਮਾ ਨੇ ਪੈਗੰਬਰ ਮੁਹੰਮਦ ਖ਼ਿਲਾਫ ਇਤਰਾਜ਼ਯੋਗ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਦੇਸ਼ ’ਚ ਕਈ ਥਾਈਂ ਹਿੰਸਕ ਘਟਨਾਵਾਂ ਵਾਪਰੀਆਂ।