ਛੋਟੇ ਦੁਕਾਨਦਾਰਾਂ ਨੂੰ ਵੱਡੀ ਰਾਹਤ! ਹੁਣ PhonePe, Paytm ਤੇ BharatPe ਲਈ ਹੋਵੇਗਾ ਇੱਕੋ ਸਾਊਂਡਬਾਕਸ
Monday, May 18, 2026 - 07:09 PM (IST)
ਬਿਜ਼ਨਸ ਡੈਸਕ: ਭਾਰਤ ਵਿੱਚ ਡਿਜੀਟਲ ਭੁਗਤਾਨ ਪ੍ਰਣਾਲੀ (Digital Payment System) ਨੂੰ ਹੋਰ ਸੁਖਾਲਾ ਬਣਾਉਣ ਲਈ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਇੱਕ ਅਜਿਹੀ ਨਵੀਂ ਤਕਨੀਕ 'ਤੇ ਕੰਮ ਕਰ ਰਹੀ ਹੈ, ਜੋ ਛੋਟੇ ਦੁਕਾਨਦਾਰਾਂ ਅਤੇ ਰਿਟੇਲ ਕਾਰੋਬਾਰੀਆਂ ਲਈ ਵੱਡੀ ਤਬਦੀਲੀ ਲਿਆ ਸਕਦੀ ਹੈ। ਇਸ ਪ੍ਰਸਤਾਵਿਤ “ਇੰਟਰਓਪਰੇਬਲ ਸਾਊਂਡਬਾਕਸ ਸਿਸਟਮ” ਦੇ ਤਹਿਤ ਹੁਣ ਦੁਕਾਨਦਾਰਾਂ ਨੂੰ ਹਰ ਐਪ ਲਈ ਵੱਖਰਾ ਸਾਊਂਡਬਾਕਸ ਰੱਖਣ ਦੀ ਲੋੜ ਨਹੀਂ ਪਵੇਗੀ, ਸਗੋਂ ਇੱਕੋ ਡਿਵਾਈਸ 'ਤੇ ਸਾਰੀਆਂ UPI ਐਪਸ ਦੇ ਪੇਮੈਂਟ ਅਲਰਟ ਸੁਣਾਈ ਦੇਣਗੇ।
ਖਰਚੇ ਤੇ ਪ੍ਰਬੰਧਨ 'ਚ ਹੋਵੇਗੀ ਕਮੀ
ਮੌਜੂਦਾ ਸਮੇਂ ਵਿੱਚ ਕਈ ਦੁਕਾਨਦਾਰ PhonePe, Paytm ਜਾਂ BharatPe ਵਰਗੀਆਂ ਵੱਖ-ਵੱਖ ਐਪਸ ਲਈ ਵੱਖ-ਵੱਖ ਸਾਊਂਡਬਾਕਸ ਅਤੇ ਕਿਊਆਰ (QR) ਕੋਡਾਂ ਦੀ ਵਰਤੋਂ ਕਰਦੇ ਹਨ, ਜਿਸ ਨਾਲ ਲਾਗਤ ਅਤੇ ਪ੍ਰਬੰਧਨ (Management) ਦੋਵੇਂ ਵਧ ਜਾਂਦੇ ਹਨ। ਨਵੀਂ ਵਿਵਸਥਾ ਲਾਗੂ ਹੋਣ ਤੋਂ ਬਾਅਦ, ਦੁਕਾਨਦਾਰ ਕਿਸੇ ਵੀ UPI ਕਿਊਆਰ ਕੋਡ ਨੂੰ ਇੱਕੋ ਸਾਊਂਡਬਾਕਸ ਨਾਲ ਜੋੜ ਸਕਣਗੇ। ਇਸ ਨਾਲ ਨਾ ਸਿਰਫ਼ ਸਿਸਟਮ ਸਰਲ ਹੋਵੇਗਾ, ਸਗੋਂ ਹਰ ਮਹੀਨੇ ਲੱਗਣ ਵਾਲਾ ਕਿਰਾਇਆ ਅਤੇ ਮੇਨਟੇਨੈਂਸ ਖਰਚਾ ਵੀ ਘੱਟ ਜਾਵੇਗਾ।
ਧੋਖਾਧੜੀ ਦੀ ਸੰਭਾਵਨਾ ਹੋਵੇਗੀ ਘੱਟ
ਮਾਹਿਰਾਂ ਦਾ ਮੰਨਣਾ ਹੈ ਕਿ ਇਹ ਬਦਲਾਅ ਉਨ੍ਹਾਂ ਦੁਕਾਨਾਂ ਲਈ ਬਹੁਤ ਫਾਇਦੇਮੰਦ ਹੋਵੇਗਾ ਜਿੱਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੈਣ-ਦੇਣ ਹੁੰਦੇ ਹਨ। ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿੱਚ, ਸਾਊਂਡਬਾਕਸ ਰਾਹੀਂ ਤੁਰੰਤ ਪੇਮੈਂਟ ਦੀ ਪੁਸ਼ਟੀ ਹੋਣ ਨਾਲ ਧੋਖਾਧੜੀ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ।
ਡਿਜੀਟਲ ਭੁਗਤਾਨ 'ਚ ਤੇਜ਼ੀ ਨਾਲ ਉਛਾਲ
ਅੰਕੜਿਆਂ ਮੁਤਾਬਕ, ਮਾਰਚ 2026 'ਚ ਦੇਸ਼ 'ਚ ਕਰੀਬ 2200 ਕਰੋੜ UPI ਲੈਣ-ਦੇਣ ਹੋਏ, ਜਿਨ੍ਹਾਂ ਵਿੱਚੋਂ ਲਗਭਗ 1400 ਕਰੋੜ ਲੈਣ-ਦੇਣ ਸਿੱਧੇ ਦੁਕਾਨਾਂ 'ਤੇ ਕੀਤੇ ਗਏ। ਇਹ ਦਰਸਾਉਂਦਾ ਹੈ ਕਿ ਭਾਰਤ 'ਚ ਸਾਊਂਡਬਾਕਸ ਵਰਗੇ ਉਪਕਰਨ ਹੁਣ ਕਾਰੋਬਾਰ ਦਾ ਜ਼ਰੂਰੀ ਹਿੱਸਾ ਬਣ ਚੁੱਕੇ ਹਨ।
ਕਿਵੇਂ ਕੰਮ ਕਰੇਗਾ ਨਵਾਂ ਸਿਸਟਮ?
ਇਸ ਨਵੇਂ ਮਾਡਲ ਵਿੱਚ ਦੁਕਾਨਦਾਰ ਨੂੰ ਸਿਰਫ਼ ਇੱਕ ਵਾਰ ਕਿਸੇ ਵੀ ਪੇਮੈਂਟ ਐਪ ਨਾਲ ਆਪਣਾ ਸਾਊਂਡਬਾਕਸ ਰਜਿਸਟਰ ਕਰਨਾ ਹੋਵੇਗਾ। ਇਸ ਤੋਂ ਬਾਅਦ, ਉਹ ਸਾਰੇ ਕਿਊਆਰ ਕੋਡਾਂ ਨੂੰ ਉਸੇ ਇੱਕ ਸਿਸਟਮ ਨਾਲ ਜੋੜ ਸਕੇਗਾ। ਡਿਜੀਟਲ ਭੁਗਤਾਨ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕਦਮ ਭਾਰਤੀ ਡਿਜੀਟਲ ਭੁਗਤਾਨ ਈਕੋਸਿਸਟਮ ਨੂੰ ਵਧੇਰੇ ਏਕੀਕ੍ਰਿਤ, ਕਿਫਾਇਤੀ ਅਤੇ ਉਪਭੋਗਤਾ-ਅਨੁਕੂਲ ਬਣਾਏਗਾ, ਜਿਸ ਨਾਲ ਛੋਟੇ ਵਪਾਰੀਆਂ ਲਈ ਡਿਜੀਟਲ ਭੁਗਤਾਨ ਅਪਨਾਉਣਾ ਹੋਰ ਵੀ ਆਸਾਨ ਹੋ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
