ਹੁਣ ਕੁੱਝ ਨਹੀਂ ਗੁਆਚੇਗਾ, ਸੈਮਸੰਗ ਨੇ ਲਾਂਚ ਕੀਤਾ 550 ਦਿਨਾਂ ਦੀ ਬੈਟਰੀ ਵਾਲਾ ਛੋਟਾ ਟ੍ਰੈਕਰ

Wednesday, Sep 30, 2026 - 09:15 PM (IST)

ਹੁਣ ਕੁੱਝ ਨਹੀਂ ਗੁਆਚੇਗਾ, ਸੈਮਸੰਗ ਨੇ ਲਾਂਚ ਕੀਤਾ 550 ਦਿਨਾਂ ਦੀ ਬੈਟਰੀ ਵਾਲਾ ਛੋਟਾ ਟ੍ਰੈਕਰ

ਨਵੀਂ ਦਿੱਲੀ : ਟੈਕਨਾਲੋਜੀ ਕੰਪਨੀ ਸੈਮਸੰਗ ਨੇ ਆਪਣਾ ਨਵਾਂ ਛੋਟਾ ਟ੍ਰੈਕਰ Galaxy SmartTag 3 ਲਾਂਚ ਕਰ ਦਿੱਤਾ ਹੈ। ਇਹ ਟ੍ਰੈਕਰ ਚਾਬੀ, ਬੈਗ, ਸੂਟਕੇਸ ਜਾਂ ਪਾਲਤੂ ਜਾਨਵਰਾਂ ਦੇ ਕਾਲਰ 'ਤੇ ਲਗਾਇਆ ਜਾ ਸਕਦਾ ਹੈ। ਇਸ ਵਾਰ ਕੰਪਨੀ ਨੇ ਸਭ ਤੋਂ ਵੱਡਾ ਬਦਲਾਅ ਕਰਦਿਆਂ ਇਸ ਵਿੱਚ ਆਈਫ਼ੋਨ (iOS) ਡਿਵਾਈਸਾਂ ਲਈ ਵੀ ਕ੍ਰਾਸ-ਪਲੇਟਫ਼ਾਰਮ ਸਪੋਰਟ ਜੋੜ ਦਿੱਤੀ ਹੈ।

ਇਸ ਨਵੇਂ ਟ੍ਰੈਕਰ ਵਿੱਚ ਬੈਟਰੀ ਲਾਈਫ਼ ਨੂੰ ਕਾਫ਼ੀ ਬਿਹਤਰ ਬਣਾਇਆ ਗਿਆ ਹੈ। ਆਮ ਵਰਤੋਂ ਦੌਰਾਨ ਇਸ ਦੀ ਬੈਟਰੀ 550 ਦਿਨਾਂ ਤੱਕ ਚੱਲ ਸਕਦੀ ਹੈ, ਜਦੋਂ ਕਿ ਪਾਵਰ ਸੇਵਿੰਗ ਮੋਡ ਵਿੱਚ ਇਹ 790 ਦਿਨਾਂ ਤੱਕ ਕੰਮ ਕਰ ਸਕਦੀ ਹੈ। ਇਸ ਵਿੱਚ ਬਦਲਣਯੋਗ CR2032 ਬੈਟਰੀ ਦਿੱਤੀ ਗਈ ਹੈ।

ਸੈਮਸੰਗ ਅਨੁਸਾਰ Galaxy SmartTag 3 ਵਿੱਚ ਬਲੂਟੁੱਥ 6.0 ਚੈਨਲ ਸਾਊਂਡਿੰਗ ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ 'ਕੰਪਾਸ ਵੀਊ' ਰਾਹੀਂ ਲਗਭਗ 60 ਮੀਟਰ ਤੱਕ ਦੀ ਦੂਰੀ ਅਤੇ ਦਿਸ਼ਾ ਦਾ ਪਤਾ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਨੇੜੇ ਪਹੁੰਚਣ 'ਤੇ ਸਟੀਕ ਲੋਕੇਸ਼ਨ ਲਈ ਯੂ.ਡਬਲਯੂ.ਬੀ. (Ultra-Wideband) ਤਕਨਾਲੋਜੀ ਮਦਦ ਕਰਦੀ ਹੈ।

ਪਿਛਲੇ ਮਾਡਲ ਦੇ ਮੁਕਾਬਲੇ ਨਵੇਂ SmartTag 3 ਦਾ ਆਕਾਰ ਲਗਭਗ 35 ਫ਼ੀਸਦੀ ਛੋਟਾ ਅਤੇ ਵਜ਼ਨ 33 ਫ਼ੀਸਦੀ ਹਲਕਾ ਕੀਤਾ ਗਿਆ ਹੈ। ਜੇਕਰ ਟ੍ਰੈਕਰ ਫ਼ੋਨ ਦੀ ਰੇਂਜ ਤੋਂ ਬਾਹਰ ਚਲਾ ਜਾਂਦਾ ਹੈ, ਤਾਂ ਦੁਨੀਆ ਭਰ ਦੇ 90 ਕਰੋੜ ਤੋਂ ਵੱਧ ਗੈਲੇਕਸੀ ਡਿਵਾਈਸਾਂ ਵਾਲਾ 'Galaxy Find Network' ਇਸ ਦੀ ਲੋਕੇਸ਼ਨ ਅੱਪਡੇਟ ਕਰਨ ਵਿੱਚ ਮਦਦ ਕਰਦਾ ਹੈ।

ਅਮਰੀਕਾ ਵਿੱਚ ਇੱਕ SmartTag 3 ਦੀ ਕੀਮਤ \$29.99 (ਲਗਭਗ 2,500 ਰੁਪਏ) ਅਤੇ 4-ਪੈਕ ਦੀ ਕੀਮਤ \$99.99 ਰੱਖੀ ਗਈ ਹੈ। ਦੱਖਣੀ ਕੋਰੀਆ ਵਿੱਚ ਇਸ ਦੀ ਵਿਕਰੀ 7 ਅਕਤੂਬਰ ਤੋਂ ਅਤੇ ਅਮਰੀਕਾ ਵਿੱਚ ਨਵੰਬਰ ਦੀ ਸ਼ੁਰੂਆਤ ਵਿੱਚ ਸ਼ੁਰੂ ਹੋਵੇਗੀ। ਭਾਰਤ ਵਿੱਚ ਇਸ ਦੀ ਲਾਂਚਿੰਗ ਤਾਰੀਖ਼ ਅਤੇ ਕੀਮਤ ਦਾ ਐਲਾਨ ਹੋਣਾ ਅਜੇ ਬਾਕੀ ਹੈ।
 


author

Inder Prajapati

Content Editor

Related News