ਜੂਟ ਦੀ ਰਿਕਾਰਡ ਮਹਿੰਗਾਈ ਕਾਰਨ ਉਤਪਾਦਨ ਠੱਪ, 75,000 ਤੋਂ ਵੱਧ ਮਜ਼ਦੂਰ ਬੇਰੁਜ਼ਗਾਰ

Sunday, Jan 18, 2026 - 12:04 AM (IST)

ਜੂਟ ਦੀ ਰਿਕਾਰਡ ਮਹਿੰਗਾਈ ਕਾਰਨ ਉਤਪਾਦਨ ਠੱਪ, 75,000 ਤੋਂ ਵੱਧ ਮਜ਼ਦੂਰ ਬੇਰੁਜ਼ਗਾਰ

ਕੋਲਕਾਤਾ, (ਭਾਸ਼ਾ)- ਜੂਟ ਦੀਆਂ ਕੀਮਤਾਂ ’ਚ ਰਿਕਾਰਡ ਵਾਧੇ ਨੇ ਦੇਸ਼ ਦੇ ਜੂਟ ਉਦਯੋਗ ਨੂੰ ਗੰਭੀਰ ਸੰਕਟ ’ਚ ਪਾ ਦਿੱਤਾ ਹੈ। ਕੱਚੇ ਜੂਟ ਦੀ ਭਾਰੀ ਕਮੀ ਅਤੇ ਕੀਮਤਾਂ ਦੇ ਰਿਕਾਰਡ ਪੱਧਰ ’ਤੇ ਪਹੁੰਚਣ ਕਾਰਨ ਕਈ ਜੂਟ ਮਿੱਲਾਂ ਵਿਚ ਉਤਪਾਦਨ ਠੱਪ ਹੋ ਗਿਆ ਹੈ। ਇਸ ਦਾ ਸਿੱਧਾ ਅਸਰ ਮਜ਼ਦੂਰਾਂ ’ਤੇ ਪਿਆ ਅਤੇ ਹਜ਼ਾਰਾਂ ਕਾਮੇ ਬੇਰੁਜ਼ਗਾਰ ਹੋ ਗਏ ਹਨ। ਉਦਯੋਗਿਕ ਸੰਗਠਨਾਂ ਦਾ ਕਹਿਣਾ ਹੈ ਕਿ ਜੇ ਸਮਾਂ ਰਹਿੰਦੇ ਸਰਕਾਰ ਨੇ ਦਖਲ ਨਾ ਦਿੱਤਾ ਤਾਂ ਇਹ ਸੰਕਟ ਹੋਰ ਡੂੰਘਾ ਹੋ ਜਾਵੇਗਾ, ਜਿਸ ਨਾਲ ਰਵਾਇਤੀ ਜੂਟ ਉਦਯੋਗ ਅਤੇ ਇਸ ਨਾਲ ਜੁੜੇ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਖਤਰੇ ਵਿਚ ਪੈ ਸਕਦੀ ਹੈ।

ਇਸੇ ਸਥਿਤੀ ਨੂੰ ਦੇਖਦੇ ਹੋਏ ਇੰਡੀਅਨ ਜੂਟ ਮਿੱਲ ਐਸੋਸੀਏਸ਼ਨ (ਆਈ.ਜੇ.ਐੱਮ.ਏ.) ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ 1 ਅਪ੍ਰੈਲ ਤੋਂ ਨਿੱਜੀ ਵਪਾਰੀਆਂ ਵੱਲੋਂ ਕੱਚੇ ਜੂਟ ਦੀ ਖਰੀਦ-ਵੇਚ ’ਤੇ ਪੂਰੀ ਤਰ੍ਹਾਂ ਰੋਕ ਲਾਈ ਜਾਵੇ, ਤਾਂ ਜੋ ਮਿੱਲਾਂ ਨੂੰ ਰਾਹਤ ਮਿਲ ਸਕੇ ਅਤੇ ਹਜ਼ਾਰਾਂ ਮਜ਼ਦੂਰਾਂ ਦੀਆਂ ਨੌਕਰੀਆਂ ਬਚਾਈਆਂ ਜਾ ਸਕਣ। ਆਈ.ਜੇ.ਐੱਮ.ਏ. ਦਾ ਦਾਅਵਾ ਹੈ ਕਿ ਇਸ ਕਾਰਨ 75,000 ਤੋਂ ਵੱਧ ਮਜ਼ਦੂਰਾਂ ਨੂੰ ਕੰਮ ਤੋਂ ਹੱਥ ਧੋਣੇ ਪਏ ਹਨ। ਜੂਟ ਉਦਯੋਗ, ਜੋ ਪਹਿਲਾਂ ਹੀ ਚੁਣੌਤੀਆਂ ਨਾਲ ਜੂਝ ਰਿਹਾ ਸੀ, ਹੁਣ ਆਪਣੀ ਹੋਂਦ ਦੀ ਲੜਾਈ ਲੜਦਾ ਨਜ਼ਰ ਆ ਰਿਹਾ ਹੈ।

ਮਿੱਲਾਂ ’ਚ ਤੇਜ਼ੀ ਨਾਲ ਘਟ ਰਿਹਾ ਜੂਟ ਦਾ ਸਟਾਕ

ਆਈ.ਜੇ.ਐੱਮ.ਏ. ਦੇ ਅਨੁਸਾਰ ਪਿਛਲੇ ਕੁਝ ਮਹੀਨਿਆਂ ਵਿਚ ਜੂਟ ਮਿੱਲਾਂ ਕੋਲ ਕੱਚੇ ਜੂਟ ਦੀ ਉਪਲੱਬਧਤਾ ਤੇਜ਼ੀ ਨਾਲ ਘਟੀ ਹੈ। ਸਿਰਫ਼ ਦਸੰਬਰ 2025 ਵਿਚ ਹੀ ਮਿੱਲਾਂ ਦਾ ਸਟਾਕ ਕਰੀਬ 1.25 ਲੱਖ ਗੰਢਾਂ ਘਟ ਗਿਆ। ਦੂਜੇ ਪਾਸੇ ਕੀਮਤਾਂ ਵਿਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। ਦੱਖਣੀ ਬੰਗਾਲ ਦੀ ਟੀ.ਡੀ.ਐੱਨ.-3 ਗ੍ਰੇਡ ਜੂਟ ਦੀ ਕੀਮਤ ਵਧ ਕੇ ਕਰੀਬ 13,000 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈ ਹੈ, ਜੋ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਮੰਨਿਆ ਜਾ ਰਿਹਾ ਹੈ। ਇਸ ਹਾਲਤ ਨੇ ਜੂਟ ਉਦਯੋਗ ਦੇ ਸਾਹਮਣੇ ਗੰਭੀਰ ਸੰਕਟ ਖੜ੍ਹਾ ਕਰ ਦਿੱਤਾ ਹੈ।


author

Rakesh

Content Editor

Related News