ਜੱਜ ਦੀਪਾਂਕਰ ਦੱਤਾ ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕਰਨ ਦੀ ਸਿਫ਼ਾਰਿਸ਼
Tuesday, Sep 27, 2022 - 01:52 PM (IST)
ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਦੇ ਕਾਲੇਜੀਅਮ ਨੇ ਬੰਬੇ ਹਾਈ ਕੋਰਟ ਦੇ ਚੀਫ਼ ਜਸਟਿਸ ਦੀਪਾਂਕਰ ਦੱਤਾ ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਸੁਪਰੀਮ ਕੋਰਟ ਦੀ ਵੈੱਬਸਾਈਟ 'ਤੇ ਅਪਲੋਡ ਕੀਤੇ ਗਏ ਇਕ ਬਿਆਨ ਮੁਤਾਬਕ ਸੋਮਵਾਰ ਨੂੰ ਚੀਫ਼ ਜਸਟਿਸ ਉਦੈ ਉਮੇਸ਼ ਲਲਿਤ ਦੀ ਪ੍ਰਧਾਨਗੀ 'ਚ ਕਾਲੇਜੀਅਮ ਦੀ ਬੈਠਕ ਹੋਈ। ਬਿਆਨ 'ਚ ਕਿਹਾ ਗਿਆ ਹੈ,"ਸੁਪਰੀਮ ਕੋਰਟ ਕਾਲੇਜੀਅਮ ਨੇ 26 ਸਤੰਬਰ 2022 ਨੂੰ ਹੋਈ ਆਪਣੀ ਬੈਠਕ 'ਚ ਬੰਬੇ ਹਾਈ ਕੋਰਟ ਦੇ ਚੀਫ਼ ਜਸਟਿਸ ਦੀਪਾਂਕਰ ਦੱਤਾ ਨੂੰ ਸੁਪਰੀਮ ਕੋਰਟ ਦਾ ਜੱਜ ਬਣਾਉਣ ਦੀ ਸਿਫ਼ਾਰਸ਼ ਕੀਤੀ ਹੈ।"
ਜਸਟਿਸ ਦੱਤਾ ਨੂੰ 22 ਜੂਨ 2006 ਨੂੰ ਸਥਾਈ ਜੱਜ ਦੇ ਰੂਪ 'ਚ ਕਲਕੱਤਾ ਹਾਈ ਕੋਰਟ 'ਚ ਸਥਾਈ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ 28 ਅਪ੍ਰੈਲ 2020 ਨੂੰ ਬੰਬੇ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਨਿਯੁਕਤ ਕੀਤਾ ਗਿਆ ਸੀ। ਫਰਵਰੀ 1965 'ਚ ਜਨਮੇ ਜਸਟਿਸ ਦੱਤਾ ਕਲਕੱਤਾ ਹਾਈ ਕੋਰਟ ਦੇ ਸਾਬਕਾ ਜੱਜ ਮਰਹੂਮ ਸਲਿਲ ਕੁਮਾਰ ਦੱਤਾ ਦੇ ਪੁੱਤਰ ਅਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਅਮਿਤਾਭ ਰਾਏ ਦੇ ਸਬੰਧੀ ਹਨ। ਕਲਕੱਤਾ ਹਾਈ ਕੋਰਟ ਦੀ ਵੈੱਬਸਾਈਟ 'ਤੇ ਉਪਲਬਧ ਵੇਰਵਿਆਂ ਅਨੁਸਾਰ, ਉਨ੍ਹਾਂ ਨੇ 1989 'ਚ ਕਲਕੱਤਾ ਯੂਨੀਵਰਸਿਟੀ ਤੋਂ ਐੱਲ.ਐੱਲ.ਬੀ. ਦੀ ਡਿਗਰੀ ਪੂਰੀ ਕੀਤੀ ਹੈ। ਉਨ੍ਹਾਂ ਨੇ 16 ਨਵੰਬਰ 1989 ਨੂੰ ਵਕੀਲ ਵਜੋਂ ਰਜਿਸਟਰੇਸ਼ਨ ਕਰਵਾਈ ਸੀ। ਉਹ 16 ਮਈ 2002 ਤੋਂ 16 ਜਨਵਰੀ 2004 ਤੱਕ ਪੱਛਮੀ ਬੰਗਾਲ ਦੇ ਸਥਾਈ ਵਕੀਲ ਸਨ ਅਤੇ 1998 ਤੋਂ ਭਾਰਤ ਸਰਕਾਰ ਦੇ ਵਕੀਲ ਵੀ ਸਨ। ਉਹ 1996-97 ਤੋਂ 1999-2000 ਤੱਕ ਯੂਨੀਵਰਸਿਟੀ ਕਾਲਜ ਆਫ਼ ਲਾਅ, ਕਲਕੱਤਾ ਯੂਨੀਵਰਸਿਟੀ 'ਚ ਭਾਰਤ ਦੇ ਸੰਵਿਧਾਨਕ ਕਾਨੂੰਨ 'ਤੇ ਗੈਸਟ ਲੈਕਚਰਾਰ ਸਨ। ਫਿਲਹਾਲ ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ 29 ਹੈ, ਜਦੋਂ ਕਿ ਸੀ.ਜੇ.ਆਈ. ਸਮੇਤ ਮਨਜ਼ੂਰ ਗਿਣਤੀ 34 ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ