ਮੁਸਲਿਮ ਨੌਜਵਾਨ ਨੇ ਕਰਵਾਇਆ ਹਨੂੰਮਾਨ ਮੰਦਰ ਦਾ ਮੁੜ ਨਿਰਮਾਣ

02/25/2018 6:00:01 PM

ਗੁਜਰਾਤ— ਇਕ ਪਾਸੇ ਜਿੱਥੇ ਫਿਰਕੂ ਤਾਕਤਾਂ ਦੇਸ਼ 'ਚ ਧਰਮ ਦੇ ਨਾਂ 'ਤੇ ਲੜਾਈ ਕਰਵਾਉਂਦੀਆਂ ਹਨ ਤਾਂ ਦੂਜੇ ਪਾਸੇ ਦੇਸ਼ 'ਚ ਕਈ ਥਾਂਵਾਂ ਅਜਿਹੀਆਂ ਹਨ, ਜਿੱਥੇ ਹਿੰਦੂ-ਮੁਸਲਿਮ ਭਾਈਚਾਰਾ ਕਾਇਮ ਹੈ। ਗੁਜਰਾਤ ਦੇ ਅਹਿਮਦਾਬਾਦ 'ਚ ਇਕ ਮੁਸਲਿਮ ਨੌਜਵਾਨ ਨੇ ਸੈਂਕੜੇ ਸਾਲ ਪੁਰਾਣੇ ਹਨੂੰਮਾਨ ਮੰਦਰ ਦਾ ਮੁੜ ਨਿਰਮਾਣ ਕਰਵਾਇਆ ਹੈ। ਇਹ ਮੰਦਰ ਅਹਿਮਦਾਬਾਦ ਦੇ ਮਿਰਜਾਪੁਰ ਦੀ ਹਨੂੰਮਾਨ ਗਲੀ 'ਚ ਸਥਿਤ ਹੈ। ਜ਼ਿਕਰਯੋਗ ਹੈ ਕਿ ਇਸ ਮੰਦਰ ਦੇ ਮੁੜ ਨਿਰਮਾਣ 'ਚ 2 ਹਫਤਿਆਂ ਦਾ ਸਮਾਂ ਲੱਗਾ ਹੈ।
ਮਿਰਜਾਪੁਰ 'ਚ ਸਥਿਤ ਇਹ ਮੰਦਰ ਕਰੀਬ 500 ਸਾਲ ਪੁਰਾਣਾ ਹੈ ਅਤੇ ਪੁਰਾਣਾ ਹੋਣ ਕਾਰਨ ਮੰਦਰ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ। ਮੰਦਰ 'ਚ ਕਾਫੀ ਗਿਣਤੀ 'ਚ ਸ਼ਰਧਾਲੂ ਪੂਜਾ ਕਰਨ ਆਉਂਦੇ ਹਨ ਪਰ ਕਿਸੇ ਨੇ ਇਸ ਮੰਦਰ ਦੀ ਖਰਾਬ ਹਾਲਤ 'ਤੇ ਧਿਆਨ ਨਹੀਂ ਦਿੱਤਾ। ਉੱਥੇ ਹੀ ਇਸ ਮੰਦਰ 'ਤੇ ਇਕ ਮੁਸਲਿਮ ਨੌਜਵਾਨ ਮੋਈਨ ਮੇਮਨ ਦੀ ਨਜ਼ਰ ਪਈ। ਦਰਅਸਲ ਮੋਈਨ ਪੇਸ਼ੇ ਤੋਂ ਬਿਲਡਰ ਦਾ ਕੰਮ ਕਰਦੇ ਹਨ। ਇਕ ਦਿਨ ਉਨ੍ਹਾਂ ਨੇ ਮੰਦਰ ਨੂੰ ਦੇਖਿਆ ਅਤੇ ਹਾਲਤ ਦੇਖ ਕੇ ਮੰਦਰ ਨੂੰ ਸੁਧਾਰਨ ਦੀ ਕੋਸ਼ਿਸ਼ ਸ਼ੁਰੂ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਉਹ ਇਸ ਮੰਦਰ ਨੂੰ ਬਚਪਨ ਤੋਂ ਦੇਖਦੇ ਆ ਰਹੇ ਹਨ। ਮੰਦਰ ਦੀ ਖਰਾਬ ਹਾਲਤ ਨੂੰ ਦੇਖ ਕੇ ਦੁਖ ਹੁੰਦਾ ਹੈ। ਮੇਮਨ ਨੇ ਮੁੜ ਨਿਰਮਾਣ ਦੀ ਗੱਲ ਮੰਦਰ ਦੇ ਪੁਜਾਰੀ ਨੂੰ ਦੱਸੀ। ਪੁਜਾਰੀ ਨੇ ਨੌਜਵਾਨ ਦੇ ਇਸ ਫੈਸਲੇ 'ਤੇ ਸਹਿਮਤੀ ਦੇ ਦਿੱਤੀ। ਜਿਸ ਤੋਂ ਬਾਅਦ ਮੰਦਰ ਦੇ ਮੁੜ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ। ਮੋਈਨ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ, ਦੇਸ਼ 'ਚ ਸਭ ਭਾਈਚਾਰੇ ਨਾਲ ਰਹਿਣ। ਉਹ ਖੁਦ ਨੂੰ ਕਿਸਮਤਵਾਲਾ ਮੰਨਦੇ ਹਨ ਕਿ ਹਜ਼ਾਰਾਂ-ਲੱਖਾਂ ਹਨੂੰਮਾਨ ਭਗਤਾਂ 'ਚੋਂ ਉਨ੍ਹਾਂ ਨੂੰ ਇਸ ਲਾਇਕ ਸਮਝਿਆ ਗਿਆ।


Related News