ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ

02/09/2021 8:59:09 PM

ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਦੀਪ ਸਿੱਧੂ ਗ੍ਰਿਫ਼ਤਾਰ, ਪੁਲਸ ਨੇ ਰੱਖਿਆ ਸੀ 1 ਲੱਖ ਰੁਪਏ ਦਾ ਇਨਾਮ
ਗਣਤੰਤਰ ਦਿਵਸ 'ਤੇ 26 ਜਨਵਰੀ ਨੂੰ ਦਿੱਲੀ 'ਚ ਹੋਈ ਹਿੰਸਾ ਦੇ ਮਾਮਲੇ ਵਿਚ ਦੀਪ ਸਿੱਧੂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਤਕਰੀਬਨ 15 ਦਿਨਾਂ ਤੋਂ ਦੀਪ ਸਿੱਧੂ ਦੀ ਭਾਲ ਕਰ ਰਹੀ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਮੰਗਲਵਾਰ ਤੜਕੇ ਹੀ ਜ਼ਿਰਕਪੁਰ ਤੋਂ ਸਿੱਧੂ ਨੂੰ ਗਿ੍ਰਫਤਾਰ ਕਰ ਲਿਆ। ਪੁਲਸ ਨੇ ਉਸ 'ਤੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਹੈ। 

ਦਿੱਲੀ ਪੁਲਸ ਵਲੋਂ ਨੌਦੀਪ ਕੌਰ 'ਤੇ ਕੀਤੇ ਤਸ਼ੱਦਦ ਖ਼ਿਲਾਫ਼ ਲੋਕਾਂ 'ਚ ਭਖਣ ਲੱਗਾ ਰੋਹ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿਚ ਨੇੜਲੇ ਪਿੰਡ ਗੰਧੜ ਦੀ ਬਿਨਾਂ ਕਸੂਰ ਜੇਲ ’ਚ ਡੱਕੀ ਨੌਦੀਪ ਕੌਰ ਦੀ ਰਿਹਾਈ ਲਈ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਜਿਸ ਵਿਚ ਮਜ਼ਦੂਰਾਂ, ਕਿਸਾਨਾਂ ਤੋਂ ਇਲਾਵਾ ਬਿਜਲੀ ਕਾਮੇ, ਅਧਿਆਪਕ, ਨੌਜਵਾਨ ਅਤੇ ਔਰਤਾਂ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ।

ਕਿਸਾਨੀ ਘੋਲ: ਪੀ. ਐੱਮ. ਮੋਦੀ ਦੇ ਭਾਸ਼ਣ ਮਗਰੋਂ ਬੋਲੇ ਕਿਸਾਨ- ‘ਸਾਨੂੰ ਬਿਆਨ ਨਹੀਂ ਗਾਰੰਟੀ ਚਾਹੀਦੀ ਹੈ’
ਤਿੰਨੋਂ ਖੇਤੀਬਾੜੀ ਕਾਨੂੰਨਾਂ ਖਿਲਾਫ ਜਿੱਥੇ ਕਿਸਾਨ ਦਿਨ-ਰਾਤ ਸੜਕਾਂ ’ਤੇ ਬੈਠੇ ਹਨ, ਉਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਨੂੰ ਲੈ ਕੇ ਜੋ ਬਿਆਨ ਦਿੱਤਾ ਹੈ, ਉਸ ’ਤੇ ਸਾਨੂੰ ਭਰੋਸਾ ਨਹੀਂ ਹੈ। ਸਾਨੂੰ ਬਿਆਨ ਨਹੀਂ ਗਰੰਟੀ ਚਾਹੀਦੀ ਹੈ। ਸੈਫਈ ਦੇ ਰਹਿਣ ਵਾਲੇ ਕਿਸਾਨ ਸੰਜੀਵ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਤੋਂ ਸਾਡੀ ਮੰਗ ਹੈ ਕਿ ਸਾਨੂੰ ਲਿਖਤੀ ਵਿੱਚ ਐੱਮ . ਐੱਸ. ਪੀ . ਦੀ ਗਾਰੰਟੀ ਦੇ ਦਿੱਤੀ ਜਾਵੇ ਅਸੀਂ ਵਾਪਸ ਚਲੇ ਜਾਣਗੇ। ਇਕ ਹੋਰ ਕਿਸਾਨ ਚੌਧਰੀ ਇੰਦਰ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਐੱਮ. ਐੱਸ. ਪੀ. ਦੀ ਲਿਖਤੀ ਗਾਰੰਟੀ ਤੋਂ ਇਲਾਵਾ ਕੁਝ ਨਹੀਂ ਚਾਹੀਦਾ ਹੈ। ਪ੍ਰਧਾਨ ਮੰਤਰੀ ਇਸ ਮੁੱਦੇ ’ਤੇ ਸਿਰਫ ਬੋਲ ਰਹੇ ਹਨ ਪਰ ਕੋਈ ਲਿਖਤੀ ਗਾਰੰਟੀ ਨਹੀਂ ਦੇ ਰਹੇ।.

ਜਾਣੋ ਕੀ ਹੈ ਸਵਾਮੀਨਾਥਨ ਰਿਪੋਰਟ, ਕਿਸਾਨ ਕਿਉਂ ਕਰ ਰਹੇ ਨੇ ਕਮਿਸ਼ਨ ਦੀਆਂ ਤਜਵੀਜ਼ਾਂ ਲਾਗੂ ਕਰਨ ਦੀ ਮੰਗ
ਜਦੋਂ ਵੀ ਖੇਤੀਬਾੜੀ ਦਾ ਜ਼ਿਕਰ ਹੁੰਦਾ ਹੈ ਤਾਂ ਕਿਸਾਨ ਦੀ ਆਮਦਨੀ ਦੀ ਗੱਲ ਜ਼ਰੂਰ ਹੁੰਦੀ ਹੈ ।ਦੇਸ਼ ਵਿੱਚ ਅਨਾਜ ਭੰਡਾਰ ਦੀ ਗੱਲ ਚੱਲਦੀ ਹੈ ਤਾਂ ਹਰੀ ਕ੍ਰਾਂਤੀ ਦੀ ਗੱਲ ਹੁੰਦੀ ਹੈ।ਹਰੀ ਕ੍ਰਾਂਤੀ ਦੀ ਗੱਲ ਕਰਦਿਆਂ ਇੱਕ ਨਾਮ ਹਮੇਸ਼ਾ ਸਾਹਮਣੇ ਆਉਂਦਾ ਹੈ-ਸਵਾਮੀਨਾਥਨ। ਪ੍ਰੋ.ਐੱਮ.ਐੱਸ. ਸਵਾਮੀਨਾਥਨ ਨੂੰ ਹਰੀ ਕ੍ਰਾਂਤੀ ਦਾ ਜਨਮਦਾਤਾ  ਮੰਨਿਆ ਜਾਂਦਾ ਹੈ।ਉਨ੍ਹਾਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਜੋ ਸੁਝਾਅ ਦਿੱਤੇ ਜੇਕਰ ਉਹ ਪੂਰੀ ਤਰ੍ਹਾਂ ਲਾਗੂ ਹੋ ਜਾਣ ਤਾਂ ਕਿਸਾਨਾਂ ਦੀ ਜ਼ਿੰਦਗੀ ਬਦਲ ਸਕਦੀ ਹੈ।ਇਸੇ ਕਰਕੇ ਪੂਰੇ ਦੇਸ਼ ਦੇ ਕਿਸਾਨ ਇਸ ਰਿਪੋਰਟ ਵਿੱਚ ਦਿੱਤੀਆਂ ਤਜਵੀਜ਼ਾਂ ਨੂੰ ਲਾਗੂ ਕਰਨ ਦੀ ਮੰਗ ਕਰ ਰਹੇ ਹਨ।

ਖੇਤੀ ਕਾਨੂੰਨਾਂ ਖ਼ਿਲਾਫ਼ ਮੋਰਚਾਬੰਦੀ: ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕੀਤਾ ਵੱਡਾ ਐਲਾਨ
ਖੇਤੀ ਕਾਨੂੰਨਾਂ ਖ਼ਿਲਾਫ਼ ਕਾਂਗਰਸ ਵੀ ਡਟ ਕੇ ਖੜ੍ਹੀ ਹੈ। ਪੰਜਾਬ ਭਵਨ ਦਿੱਲੀ ਵਿਖੇ ਅੱਜ ਯਾਨੀ ਕਿ ਮੰਗਲਵਾਰ ਨੂੰ ਕਾਂਗਰਸ ਦੇ ਕੁਝ ਸੰਸਦ ਮੈਂਬਰਾਂ ਨੇ ਪ੍ਰੈੱਸ ਕਾਨਫਰੰਸ ਕੀਤੀ। ਪੰਜਾਬ ਨਾਲ ਸੰਬੰਧ ਰੱਖਣ ਵਾਲੇ ਕਾਂਗਰਸ ਦੇ ਕੁਝ ਸੰਸਦ ਮੈਂਬਰਾਂ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਉਹ ਵਿਵਾਦਾਂ ’ਚ ਘਿਰੇ ਤਿੰਨੋਂ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਲੋਕ ਸਭਾ ’ਚ ‘ਪ੍ਰਾਈਵੇਟ ਮੈਂਬਰ ਬਿੱਲ’ ਲਿਆਉਣਗੇ। ਇਸ ਪ੍ਰੈੱਸ ਕਾਨਫਰੰਸ ’ਚ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ, ਰਵਨੀਤ ਬਿੱਟੂ, ਅਮਰ ਸਿੰਘ, ਸੰਤੋਖ ਚੌਧਰੀ, ਮੁਹੰਮਦ ਸਦੀਕ ਅਤੇ ਪਰਨੀਤ ਕੌਰ ਨੇ ਹਿੱਸਾ ਲਿਆ। 

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News