ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ
Saturday, Feb 06, 2021 - 08:56 PM (IST)
3 ਘੰਟਿਆਂ ਬਾਅਦ ਸ਼ਾਂਤੀਪੂਰਨ ਢੰਗ ਨਾਲ ਖ਼ਤਮ ਹੋਇਆ ਕਿਸਾਨਾਂ ਦਾ 'ਚੱਕਾ ਜਾਮ'
ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦੇਸ਼ ਭਰ 'ਚ ਕਿਸਾਨਾਂ ਵਲੋਂ ਕੀਤਾ ਗਿਆ ਚੱਕਾ ਜਾਮ 3 ਘੰਟਿਆਂ ਬਾਅਦ ਖ਼ਤਮ ਕਰ ਦਿੱਤਾ ਗਿਆ। ਕਿਸਾਨ ਆਗੂਆਂ ਨੇ ਚੱਕਾ ਜਾਮ ਖ਼ਤਮ ਕੀਤੇ ਜਾਣ ਦਾ ਐਲਾਨ ਕੀਤਾ। ਇਸ ਦੌਰਾਨ ਦੇਸ਼ ਦੇ ਕਈ ਹਿੱਸਿਆਂ 'ਚ ਚੱਕਾ ਜਾਮ ਦਾ ਅਸਰ ਦੇਖਣ ਨੂੰ ਮਿਲਿਆ। ਸੰਯੁਕਤ ਕਿਸਾਨ ਮੋਰਚਾ ਨੇ ਅੱਜ ਯਾਨੀ ਸ਼ਨੀਵਾਰ ਨੂੰ ਦਿੱਲੀ-ਐੱਨ.ਸੀ.ਆਰ., ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਨੂੰ ਛੱਡ ਕੇ ਦੇਸ਼ ਭਰ 'ਚ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਚੱਕਾ ਜਾਮ ਕੀਤਾ ਸੀ। ਜਾਮ ਲਗਾਉਣ ਕਾਰਨ ਸੜਕਾਂ 'ਤੇ ਸੰਨਾਟਾ ਪਸਰਿਆ ਰਿਹਾ। ਇਸ ਦੌਰਾਨ ਕਿਸਾਨਾਂ ਵਲੋਂ ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ ਸਮੇਤ ਹੋਰ ਕਾਫ਼ੀ ਥਾਂਵਾਂ 'ਤੇ ਰਸਤੇ ਰੋਕ ਦਿੱਤੇ ਗਏ। ਇਸ ਦੌਰਾਨ ਕਿਸਾਨਾਂ ਨੇ ਸੜਕਾਂ 'ਤੇ ਬੈਠ ਕੇ ਰਸਤਾ ਜਾਮ ਕੀਤਾ।
PM ਦੇ ਬਿਆਨ 'ਤੇ ਸ਼ਿਵ ਸੈਨਾ ਦਾ ਪਲਟਵਾਰ, ਲਾਲ ਕਿਲ੍ਹੇ 'ਚ ਨਹੀਂ ਹੋਇਆ ਤਿਰੰਗੇ ਦਾ ਅਪਮਾਨ
26 ਜਨਵਰੀ ਨੂੰ ਵਾਪਰੀ ਲਾਲ ਕਿਲ੍ਹੇ ਦੀ ਘਟਨਾ ਤੋਂ ਬਾਅਦ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਨੂੰ ਕਿਲ੍ਹੇਬੰਦੀ ਕਰਕੇ ਘੇਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਸੜਕਾਂ 'ਤੇ ਕਿੱਲਾਂ ਲਾਈਆਂ ਗਈਆਂ ਹਨ, ਇੰਟਰਨੈੱਟ ਬੰਦ ਹੈ ਤਾਂ ਜੋ ਕਿਸਾਨਾਂ ਦੀ ਗੱਲ ਵਿਸ਼ਵ ਪੱਧਰ ਤੱਕ ਨਾ ਪਹੁੰਚ ਸਕੇ। ਅੰਦੋਲਨ 'ਚ ਸ਼ਾਮਿਲ ਕਿਸਾਨਾਂ ਨੂੰ ਪਹਿਲੇ ਦਿਨ ਤੋਂ ਹੀ ਖ਼ਾਲਿਸਤਾਨੀ,ਅੱਤਵਾਦੀ,ਦੇਸ਼ਧ੍ਰੋਹੀ ਸਿੱਧ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਇਸੇ ਦੌਰਾਨ ਲਾਲ ਕਿਲ੍ਹੇ ਦੀ ਘਟਨਾ ਨੂੰ ਲੈ ਕੇ ਜਿੱਥੇ ਇੱਕ ਪਾਸੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਭਾਰਤ ਦੇ ਤਿਰੰਗੇ ਝੰਡੇ ਦੇ ਅਪਮਾਨ ਦੀਆਂ ਅਫ਼ਵਾਹਾਂ ਫੈ਼ਲਾਈਆਂ ਜਾ ਰਹੀਆਂ ਹਨ ਉਥੇ ਹੀ ਸ਼ਿਵ ਸੈਨਾ ਨੇ ਸਾਫ਼ ਸ਼ਬਦਾਂ 'ਚ ਕਿਹਾ ਹੈ ਕਿ ਗਣਤੰਤਰ ਦਿਹਾੜੇ 'ਤੇ ਕਿਸਾਨ ਟਰੈਕਟਰ ਮਾਰਚ ਦੌਰਾਨ ਵਾਪਰੀ ਲਾਲ ਕਿਲ੍ਹੇ ਵਾਲੀ ਘਟਨਾ 'ਚ ਤਿਰੰਗੇ ਦਾ ਕੋਈ ਅਪਮਾਨ ਨਹੀਂ ਹੋਇਆ।
ਕਿਸਾਨਾਂ ਦੇ ਸਮਰਥਨ 'ਚ ਪ੍ਰਦਰਸ਼ਨ ਕਰਨ ਦੇ ਦੋਸ਼ 'ਚ 50 ਵਿਅਕਤੀ ਹਿਰਾਸਤ 'ਚ ਲਏ ਗਏ
ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦੇ 'ਚੱਕਾ ਜਾਮ' ਦੀ ਅਪੀਲ ਦੇ ਸਮਰਥਨ 'ਚ ਪ੍ਰਦਰਸ਼ਨ ਕਰਨ ਲਈ ਸ਼ਨੀਵਾਰ ਮੱਧ ਦਿੱਲੀ ਦੇ ਸ਼ਹੀਦੀ ਪਾਰਕ ਕੋਲ 50 ਵਿਅਕਤੀਆਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ। ਕਿਸਾਨ ਜਥੇਬੰਦੀਆਂ ਨੇ ਆਪਣੀਆਂ ਅੰਦੋਲਨ ਵਾਲੀਆਂ ਥਾਂਵਾਂ ਦੇ ਕੋਲ ਦੇ ਖੇਤਰਾਂ 'ਚ ਇੰਟਰਨੈੱਟ 'ਤੇ ਰੋਕ ਲਗਾਏ ਜਾਣ, ਅਧਿਕਾਰੀਆਂ ਵਲੋਂ ਉਨ੍ਹਾਂ ਤੰਗ ਕੀਤੇ ਜਾਣ ਅਤੇ ਹੋਰ ਮੁੱਦਿਆਂ ਨੂੰ ਲੈ ਕੇ 6 ਫਰਵਰੀ ਨੂੰ ਦੇਸ਼ਵਿਆਪੀ 'ਚੱਕਾ ਜਾਮ' ਦਾ ਐਲਾਨ ਕੀਤਾ ਸੀ, ਜਿਸ ਦੌਰਾਨ ਉਨ੍ਹਾਂ ਨੇ ਦੁਪਹਿਰ 12 ਤੋਂ 3 ਵਜੇ ਵਿਚਾਲੇ ਰਾਸ਼ਟਰੀ ਅਤੇ ਰਾਜ ਰਾਜਮਾਰਗਾਂ ਨੂੰ ਰੋਕਣ ਦੀ ਗੱਲ ਕਹੀ ਸੀ।
ਕਿਸਾਨ 'ਚੱਕਾ ਜਾਮ' ਦੌਰਾਨ ਰਾਕੇਸ਼ ਟਿਕੈਤ ਦੀ ਚਿਤਾਵਨੀ- 'ਅਣਸੁਖਾਵੀਂ ਘਟਨਾ ਹੋਣ 'ਤੇ ਮਿਲੇਗੀ ਸਜ਼ਾ'
ਖੇਤੀ ਕਾਨੂੰਨਾਂ ਦਾ ਵਿਰੁੱਧ ਕਿਸਾਨਾਂ ਦਾ ਵਿਰੋਧ 73 ਦਿਨਾਂ ਦਾ ਜਾਰੀ ਹੈ। ਕਿਸਾਨ ਅੱਜ ਯਾਨੀ ਸ਼ਨੀਵਾਰ ਨੂੰ ਦੇਸ਼ਵਿਆਪੀ ਚੱਕਾ ਜਾਮ ਕਰ ਰਹੇ ਹਨ। ਇਸ ਨੂੰ ਦੇਖਦੇ ਹੋਏ ਰਾਜਧਾਨੀ ਸਮੇਤ ਕਈ ਸੂਬਿਆਂ ਦੀ ਪੁਲਸ ਅਲਰਟ 'ਤੇ ਹੈ। ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਜੇਕਰ ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਹੁੰਦੀ ਹੈ ਤਾਂ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇਗੀ। ਟਿਕੈਤ ਦਾ ਕਹਿਣਾ ਹੈ ਕਿ ਅੱਜ ਚੱਕਾ ਜਾਮ ਹਰ ਜਗ੍ਹਾ ਸ਼ਾਂਤੀਪੂਰਨ ਢੰਗ ਨਾਲ ਕੀਤਾ ਜਾ ਰਿਹਾ ਹੈ। ਜੇਕਰ ਕੋਈ ਵੀ ਅਣਸੁਖਾਵੀਂ ਘਟਨਾ ਹੁੰਦੀ ਹੈ ਤਾਂ ਸਜ਼ਾ ਦਿੱਤੀ ਜਾਵੇਗੀ।
ਕਿਸਾਨ ਜਥੇਬੰਦੀਆਂ ਦੇ ਐਲਾਨ 'ਤੇ 'ਚੱਕਾ ਜਾਮ', ਪੰਜਾਬ ਤੋਂ ਰਾਜਸਥਾਨ ਤੱਕ ਰੋਕੇ ਰਸਤੇ
ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 73 ਦਿਨਾਂ ਤੋਂ ਜਾਰੀ ਹੈ। ਇਸ ਵਿਚ ਅੱਜ ਕਿਸਾਨਾਂ ਵਲੋਂ ਕੀਤਾ ਜਾ ਰਿਹਾ ਚੱਕਾ ਜਾਮ ਸ਼ੁਰੂ ਹੋ ਗਿਆ ਹੈ। ਇਹ ਚੱਕਾ ਜਾਮ 3 ਘੰਟੇ ਤੱਕ ਚੱਲੇਗਾ। ਕਾਂਗਰਸ ਸਮੇਤ ਲਗਭਗ ਸਾਰੀਆਂ ਵਿਰੋਧੀ ਪਾਰਟੀਆਂ ਨੇ ਇਸ ਨੂੰ ਆਪਣਾ ਸਮਰਥਨ ਦਿੱਤਾ ਹੈ। ਇਸ ਦੇ ਮੱਦੇਨਜ਼ਰ ਦਿੱਲੀ 'ਚ 50 ਹਜ਼ਾਰ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਦਿੱਲੀ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ 'ਚ ਚੱਕਾ ਜਾਮ ਨਹੀਂ ਹੋਵੇਗਾ। ਕਿਸ਼ਾਨ ਸ਼ਾਂਤੀਪੂਰਨ ਤਰੀਕੇ ਨਾਲ ਦੇਸ਼ ਦੇ ਹੋਰ ਹਿੱਸਿਆਂ 'ਚ ਰਾਸ਼ਟਰੀ ਅਤੇ ਰਾਜ ਰਾਜਮਾਰਗਾਂ ਨੂੰ ਰੋਕਣਗੇ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।